ਫ਼ਿਰੋਜ਼ਪੁਰ, 30 ਜੂਨ, (ਕੁਲਬੀਰ ਸਿੰਘ ਸੋਢੀ)-ਪਿਛਲੇ ਕੁੱਝ ਸਮੇਂ ਤੋਂ ਸਿਹਤ ਵਿਭਾਗ ਅਧੀਨ ਪੇਂਡੂ ਖੇਤਰਾਂ ਵਿਚ ਕੰਮ ਕਰ ਰਹੇ ਕਮਿਊਨਿਟੀ ਹੈਲਥ ਅਫ਼ਸਰ ਆਪਣੀਆਂ ਲੰਬਿਤ ਮੰਗਾਂ ਨੂੰ ਲੈਂਦੇ ਹਰ ਤਰ੍ਹਾਂ ਦਾ ਕੰਮ ਬੰਦ ਕਰਕੇ ਧਰਨੇ ਉੱਤੇ ਹਨ। ਜਿਸ ਦੇ ਤਹਿਤ ਬੀਤੇ ਕੱਲ੍ਹ ਲੁਧਿਆਣਾ ਵਿਖੇ ਕਮਿਊਨਿਟੀ ਹੈਲਥ ਅਫ਼ਸਰਾਂ (ਸੀ.ਐੱਚ.ਓ) ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਜਾਇਜ਼ ਮੰਗਾਂ ਨੂੰ ਲੈ ਕੇ ਚੱਲ ਰਹੇ ਸੰਘਰਸ਼ ਦੌਰਾਨ, ਮਾਣਯੋਗ ਮੁੱਖ ਸਕੱਤਰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਕੁਮਾਰ ਰਾਹੁਲ ਨਾਲ ਯੂਨੀਅਨ ਦੇ ਆਗੂਆਂ ਦੀ ਵਿਸ਼ੇਸ਼ ਮੀਟਿੰਗ ਹੋਈ। ਮੀਟਿੰਗ ਦੌਰਾਨ ਕਮਿਊਨਿਟੀ ਹੈਲਥ ਅਫ਼ਸਰ ਨਰਿੰਦਰ ਸਿੰਘ ਨੇ ਆਪਣੀਆਂ ਸਾਰੀਆਂ ਲੰਬਿਤ ਮੰਗਾਂ ਨੂੰ ਵਿਸਥਾਰ ਨਾਲ ਮੁੱਖ ਸਕੱਤਰ ਦੇ ਧਿਆਨ ਵਿਚ ਲਿਆਂਦਾ। ਆਗੂਆਂ ਨੇ ਦੱਸਿਆ ਕਿ ਨਵੇਂ ਜਾਰੀ ਕੀਤੇ ਇੰਨਸੈਂਟਿਵ ਪ੍ਰੋਫਾਰਮੇ ਵਿਚ ਗੈਰ-ਵਾਜਬ ਢੰਗ ਨਾਲ ਟਾਰਗੈਟ ਕਈ ਗੁਣਾ ਵਧਾ ਦਿੱਤੇ ਗਏ ਹਨ ਅਤੇ ਸਮੂਹ ਐਨ.ਐੱਚ.ਐੱਮ ਮੁਲਾਜ਼ਮਾਂ ਲਈ ਬਰਾਬਰ ਕੰਮ ਬਰਾਬਰ ਤਨਖ਼ਾਹ ਲਾਗੂ ਨਹੀਂ ਕੀਤੀ ਗਈ, ਸਾਲ 2018 ਤੋਂ ਲੌਇਲਟੀ ਬੋਨਸ ਬੰਦ ਹੈ। ਮਾਣਯੋਗ ਮੁੱਖ ਸਕੱਤਰ ਨੇ ਯੂਨੀਅਨ ਆਗੂਆਂ ਦੀਆਂ ਸਾਰੀਆਂ ਮੰਗਾਂ ਨੂੰ ਧਿਆਨ ਨਾਲ ਸੁਣਿਆ ਅਤੇ ਭਰੋਸਾ ਦਿੱਤਾ ਸੀ ਕਿ ਸਰਕਾਰ ਇਨ੍ਹਾਂ ਮੰਗਾਂ ਦੇ ਹੱਲ ਲਈ ਗੰਭੀਰਤਾ ਨਾਲ ਵਿਚਾਰ ਕਰੇਗੀ। ਉਨ੍ਹਾਂ ਆਗੂਆਂ ਨੂੰ ਮੰਗਲਵਾਰ 30 ਜੂਨ ਨੂੰ ਚੰਡੀਗੜ੍ਹ ਵਿਖੇ ਪੈਨਲ ਮੀਟਿੰਗ ਲਈ ਸੱਦਾ ਦਿੰਦਿਆਂ ਕਿਹਾ ਸੀ ਕਿ ਉਸ ਮੀਟਿੰਗ ਵਿਚ ਸਾਰੀਆਂ ਮੰਗਾਂ ’ਤੇ ਵਿਸਥਾਰ ਨਾਲ ਚਰਚਾ ਕਰਕੇ ਹੱਲ ਕੱਢਣ ਦਾ ਯਤਨ ਕੀਤਾ ਜਾਵੇਗਾ। ਪਰ ਹਮੇਸ਼ਾ ਦੀ ਤਰ੍ਹਾਂ ਸਿਹਤ ਵਿਭਾਗ ਵਲੋਂ 30 ਜੂਨ ਨੂੰ ਹੋਣ ਵਾਲੀ ਮੀਟਿੰਗ ਰੱਦ ਕਰਕੇ ਇਸ ਵਾਰ ਵੀ ਲਾਰੇ ਹੀ ਲਗਾਏ ਗਏ, ਫਿਰ ਹਜ਼ਾਰਾਂ ਮੁਲਾਜ਼ਮਾਂ ਦਾ ਭਰੋਸਾ ਤੋੜਿਆ ਗਿਆ। ਇਸ ਮੌਕੇ ਆਗੂਆਂ ਨੇ ਸਪਸ਼ਟ ਸ਼ਬਦਾਂ ਵਿਚ ਕਿਹਾ ਕਿ ਪਿਛਲੇ ਚਾਰ ਸਾਲਾਂ ਦੌਰਾਨ ਸਰਕਾਰ ਅਤੇ ਸਿਹਤ ਵਿਭਾਗ ਨਾਲ ਅਨੇਕਾਂ ਮੀਟਿੰਗਾਂ ਹੋ ਚੁੱਕੀਆਂ ਹਨ, ਪਰ ਅੱਜ ਤੱਕ ਕਿਸੇ ਵੀ ਮੰਗ ਦਾ ਕੋਈ ਠੋਸ ਹੱਲ ਨਹੀਂ ਕੀਤਾ ਗਿਆ। ਹਰ ਵਾਰ ਸਿਰਫ਼ ਭਰੋਸੇ ਹੀ ਦਿੱਤੇ ਗਏ, ਜਿਸ ਕਾਰਨ ਮੁਲਾਜ਼ਮਾਂ ਦਾ ਭਰੋਸਾ ਲਗਾਤਾਰ ਟੁੱਟਦਾ ਗਿਆ। ਆਗੂਆਂ ਨੇ ਕਿਹਾ ਕਿ ਕਮਿਊਨਿਟੀ ਹੈਲਥ ਅਫ਼ਸਰ ਸਰਕਾਰ ਨਾਲ ਟਕਰਾਅ ਨਹੀਂ, ਸਗੋਂ ਗੱਲਬਾਤ ਰਾਹੀਂ ਮਸਲੇ ਦਾ ਹੱਲ ਚਾਹੁੰਦੇ ਹਨ। ਪਰ ਹੁਣ ਸਿਰਫ਼ ਮੌਖਿਕ ਭਰੋਸਿਆਂ ਨਾਲ ਕੰਮ ਨਹੀਂ ਚੱਲੇਗਾ। ਯੂਨੀਅਨ ਆਗੂਆਂ ਨੇ ਸਪਸ਼ਟ ਕੀਤਾ ਕਿ ਜਦੋਂ ਤੱਕ ਸਰਕਾਰ ਵਲੋਂ ਮੰਗਾਂ ਦੇ ਹੱਲ ਸਬੰਧੀ ਕੋਈ ਠੋਸ ਅਤੇ ਲਿਖਤੀ ਭਰੋਸਾ ਨਹੀਂ ਦਿੱਤਾ ਜਾਂਦਾ, ਉਦੋਂ ਤੱਕ ਹੜਤਾਲ ਜਾਰੀ ਰਹੇਗੀ। ਜਿਸ ਦੇ ਚੱਲਦੇ ਸੂਬੇ ਦੇ ਸਾਰੇ ਜ਼ਿਲ੍ਹਾ ਹਸਪਤਾਲਾਂ ਵਿਚ ਰੋਸ ਪ੍ਰਦਰਸ਼ਨ ਜਾਰੀ ਰਿਹਾ ਅਤੇ ਵੱਖ-ਵੱਖ ਜ਼ਿਲਿ੍ਹਆਂ ਵਿਚ ਸਬੰਧਿਤ ਵਿਧਾਇਕਾਂ ਨੂੰ ਮੰਗ ਪੱਤਰ ਸੌਂਪੇ ਗਏ। ਉਨ੍ਹਾਂ ਕਿਹਾ ਕਿ ਆਉਣ ਵਾਲੀ 2 ਜੁਲਾਈ ਨੂੰ ਭਾਰੀ ਮਾਤਰਾ ਵਿਚ ਇਕੱਠ ਮਾਨਯੋਗ ਮੁੱਖ ਮੰਤਰੀ ਸਾਹਿਬਾਨ ਦੀ ਰਿਹਾਇਸ਼, ਜ਼ਿਲ੍ਹਾ ਸੰਗਰੂਰ, ਵਿਖੇ ਹੋਵੇਗਾ ਅਤੇ ਸਮੂਹ ਮੈਂਬਰਾਂ ਵਲੋਂ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਨਾਲ ਡਾ.ਪ੍ਰੇਮ, ਡਾ.ਗੁਰਵਿੰਦਰ ਸਿੰਘ, ਡਾ.ਅਸ਼ੋਕ, ਮਨੀਸ਼ਾ, ਅਮਰੀਕ ਸਿੰਘ, ਗੌਰਵ, ਨੇਹਾ, ਨਵਜੀਤ ਸਿੰਘ, ਡਾ.ਸਤਨਾਮ ਸਿੰਘ ਅਤੇ ਪੈਰਾ ਮੈਡੀਕਲ ਮੀਤ ਪ੍ਰਧਾਨ ਨਰਿੰਦਰ ਸ਼ਰਮਾ, ਕਰਨਜੀਤ ਸਿੰਘ ਵੀ ਆਦਿ ਵਿਸ਼ੇਸ਼ ਰੂਪ ’ਚ ਹਾਜ਼ਰ ਸਨ।