ਫ਼ਿਰੋਜ਼ਪੁਰ, 30 ਜੂਨ (ਗੁਰਿੰਦਰ ਸਿੰਘ)-ਵਿਵੇਕਾਨੰਦ ਵਰਲਡ ਸਕੂਲ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਰਾਈਫ਼ਲ ਐਸੋਸੀਏਸ਼ਨ ਫ਼ਿਰੋਜ਼ਪੁਰ ਵਲੋਂ ਕਰਵਾਈ ਗਈ ਜ਼ਿਲ੍ਹਾ ਪੱਧਰੀ 10 ਮੀਟਰ ਏਅਰ ਪਿਸਟਲ ਅਤੇ ਏਅਰ ਰਾਈਫ਼ਲ ਸ਼ੂਟਿੰਗ ਚੈਂਪੀਅਨਸ਼ਿਪ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਦਾ ਨਾਮ ਰੌਸ਼ਨ ਕੀਤਾ। ਮੁਕਾਬਲਿਆਂ ਵਿਚ ਸਕੂਲ ਦੇ 12 ਵਿਦਿਆਰਥੀਆਂ ਨੇ 61ਵੀਂ ਪੰਜਾਬ ਰਾਜ ਸ਼ੂਟਿੰਗ ਚੈਂਪੀਅਨਸ਼ਿਪ ਲਈ ਕੁਆਲੀਫ਼ਾਈ ਕਰ ਲਿਆ ਹੈ। ਸਕੂਲ ਦੇ ਡਾਇਰੈਕਟਰ ਡਾ. ਐੱਸ. ਐਨ. ਰੁਦਰਾ ਨੇ ਦੱਸਿਆ ਕਿ ਵਿਦਿਆਰਥੀਆਂ ਦੀ ਇਹ ਸਫਲਤਾ ਉਨ੍ਹਾਂ ਦੀ ਮਿਹਨਤ, ਅਨੁਸ਼ਾਸਨ ਅਤੇ ਨਿਰੰਤਰ ਅਭਿਆਸ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਚੈਂਪੀਅਨਸ਼ਿਪ ਵਿਚ ਸਨਮਦੀਪ ਸਿੰਘ, ਜਸਪ੍ਰੀਤ ਕੌਰ ਅਤੇ ਚਾਹਲਪ੍ਰੀਤ ਸਿੰਘ ਨੇ ਸੋਨ ਤਗਮੇ ਜਿੱਤ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਅਭੈਜੋਤ ਸਿੰਘ ਅਤੇ ਹਰਲੀਨ ਕੌਰ ਨੇ ਚਾਂਦੀ ਦੇ ਤਗਮੇ ਹਾਸਲ ਕੀਤੇ, ਜਦਕਿ ਹਰਮਨਪ੍ਰੀਤ ਸਿੰਘ ਅਤੇ ਤੇਜਿੰਦਰ ਸਿੰਘ ਨੇ ਕਾਂਸੀ ਦੇ ਤਗਮੇ ਆਪਣੀ ਝੋਲੀ ਪੁਆਏ। ਇਸ ਤੋਂ ਇਲਾਵਾ ਸਨਮਦੀਪ ਸਿੰਘ, ਲਵਿਸ਼ ਸੰਧੂ, ਜਸਪ੍ਰੀਤ ਕੌਰ, ਹਰਮਨਜੀਤ ਸਿੰਘ, ਨਵਰੋਜ ਸਿੰਘ ਭੁੱਲਰ, ਅਭੈਜੋਤ ਸਿੰਘ, ਅਜੈਦੀਪ ਸਿੰਘ, ਹਰਲੀਨ ਕੌਰ, ਚਾਹਲਪ੍ਰੀਤ ਸਿੰਘ, ਤੇਜਿੰਦਰ ਸਿੰਘ, ਦੀਪਾਂਸ਼ੂ ਮੋਂਗਾ ਅਤੇ ਗੁਰਨੂਰ ਸਿੰਘ ਨੇ 8 ਤੋਂ 12 ਜੁਲਾਈ ਤੱਕ ਮੋਹਾਲੀ ਵਿਖੇ ਹੋਣ ਵਾਲੀ 61ਵੀਂ ਪੰਜਾਬ ਰਾਜ ਸ਼ੂਟਿੰਗ ਚੈਂਪੀਅਨਸ਼ਿਪ ਲਈ ਕੁਆਲੀਫ਼ਾਈ ਕੀਤਾ ਹੈ। ਇਹ ਵਿਦਿਆਰਥੀ ਫ਼ਿਰੋਜ਼ਪੁਰ ਜ਼ਿਲ੍ਹੇ ਦੀ ਨੁਮਾਇੰਦਗੀ ਕਰਨਗੇ। ਡਾ.ਰੁਦਰਾ ਨੇ ਸਾਰੇ ਮੈਡਲ ਜੇਤੂਆਂ, ਰਾਜ ਪੱਧਰ ਲਈ ਚੁਣੇ ਗਏ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਕੋਚਿੰਗ ਸਟਾਫ਼ ਨੂੰ ਵਧਾਈ ਦਿੰਦਿਆਂ ਵਿਸ਼ਵਾਸ ਪ੍ਰਗਟਾਇਆ ਕਿ ਉਹ ਰਾਜ ਪੱਧਰ ’ਤੇ ਵੀ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ ਅਤੇ ਫ਼ਿਰੋਜ਼ਪੁਰ ਦਾ ਨਾਮ ਹੋਰ ਉੱਚਾ ਕਰਨਗੇ।