ਫ਼ਿਰੋਜ਼ਪੁਰ, 13 ਜੁਲਾਈ (ਗੁਰਿੰਦਰ ਸਿੰਘ)-ਫ਼ਿਰੋਜ਼ਪੁਰ ਹਰਿਆਵਲ ਮੁਹਿੰਮ ਤਹਿਤ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਅਤੇ ਕੇ.ਜੀ.ਐੱਸ ਟੀਮ ਫਾਊਂਡੇਸ਼ਨ ਵਲੋਂ ਹਬੀਬ ਕੇ ਬੰਨ੍ਹ ਵਿਖੇ ਵੱਡੇ ਪੱਧਰ ’ਤੇ ਬੂਟੇ ਲਗਾਉਣ ਦੀ ਮੁਹਿੰਮ ਚਲਾਈ ਗਈ ਹੈ। ਇਸ ਦੌਰਾਨ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੀ ਇਸਤਰੀ ਕੌਂਸਲ, ਸਮਾਜ ਸੇਵੀਆਂ ਅਤੇ ਵੱਖ-ਵੱਖ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਭਰਵੀਂ ਸ਼ਮੂਲੀਅਤ ਕਰਕੇ ਵਾਤਾਵਰਨ ਸੰਭਾਲ ਦਾ ਸੰਦੇਸ਼ ਦਿੱਤਾ। ਇਸ ਮੌਕੇ ਉੱਘੇ ਸਮਾਜ ਸੇਵੀ, ਨੈਸ਼ਨਲ ਅਵਾਰਡੀ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਡਾ.ਸਤਿੰਦਰ ਸਿੰਘ ਨੇ ਬੂਟੇ ਲਗਾਉਣ ਦੀ ਮੁਹਿੰਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਗੁਰਬਾਣੀ ਦਾ ਮਹਾਨ ਸੰਦੇਸ਼ ਪਵਣੁ ਗੁਰੂ ਪਾਣੀ ਪਿਤਾ, ਮਾਤਾ ਧਰਤਿ ਮਹਤੁ ਸਾਨੂੰ ਕੁਦਰਤ ਨਾਲ ਪਿਆਰ ਕਰਨ ਅਤੇ ਇਸ ਦੀ ਰੱਖਿਆ ਲਈ ਪ੍ਰੇਰਿਤ ਕਰਦਾ ਹੈ। ਸਰਕਾਰੀ ਹਾਈ ਸਕੂਲ ਦੀ ਹੈੱਡ ਮਿਸਟ੍ਰਰੈਸ ਰਮਿੰਦਰ ਕੌਰ ਨੇ ਕਿਹਾ ਕਿ ਬੂਟੇ ਲਗਾਉਣਾ ਹਰ ਨਾਗਰਿਕ ਦਾ ਨੈਤਿਕ ਫ਼ਰਜ਼ ਹੈ ਅਤੇ ਲਗਾਏ ਗਏ ਪੌਦਿਆਂ ਦੀ ਸੰਭਾਲ ਕਰਨਾ ਵੀ ਉਨ੍ਹਾਂ ਹੀ ਜ਼ਰੂਰੀ ਹੈ। ਕੇ.ਜੀ.ਐੱਸ ਟੀਮ ਫਾਊਂਡੇਸ਼ਨ ਦੇ ਡਾ. ਕੰਵਰ ਵਿਜੇ ਪਾਲ ਸਿੰਘ, ਕੁਲਜੀਤ ਸਿੰਘ ਅਤੇ ਡਾ.ਬੌਬੀ ਨੇ ਕਿਹਾ ਕਿ ਸਮਾਜ ਭਲਾਈ ਦੇ ਕਾਰਜਾਂ ਵਿਚ ਦ੍ਰਿੜ੍ਹ ਇਰਾਦੇ ਨਾਲ ਹੀ ਸਫਲਤਾ ਮਿਲਦੀ ਹੈ। ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਜ਼ੋਨਲ ਪ੍ਰਧਾਨ ਇੰਦਰਪਾਲ ਸਿੰਘ ਨੇ ਲੋਕਾਂ ਨੂੰ ਵੱਧ ਤੋਂ ਵੱਧ ਪੌਦੇ ਲਗਾਉਣ ਅਤੇ ਜਿਨ੍ਹਾਂ ਕੋਲ ਥਾਂ ਨਹੀਂ ਹੈ, ਉਨ੍ਹਾਂ ਨੂੰ ਸਰਕਾਰੀ ਥਾਵਾਂ ’ਤੇ ਪੌਦੇ ਲਗਾਉਣ ਲਈ ਸੰਸਥਾ ਨਾਲ ਜੁੜਨ ਦੀ ਅਪੀਲ ਕੀਤੀ। ਇਸਤਰੀ ਵਿੰਗ ਦੀ ਪ੍ਰਧਾਨ ਹਰਪ੍ਰੀਤ ਕੌਰ ਨੇ ਕਿਹਾ ਕਿ ਮਹਿਲਾਵਾਂ ਵੀ ਇਸ ਮੁਹਿੰਮ ਵਿਚ ਪੂਰੀ ਤਨਦੇਹੀ ਨਾਲ ਯੋਗਦਾਨ ਪਾਉਣਗੀਆਂ। ਇਸ ਮੌਕੇ ਅਰਸ਼ਦੀਪ ਸਿੰਘ, ਅਨਮੋਲਦੀਪ ਸਿੰਘ, ਵੰਸ਼ਦੀਪ ਸਿੰਘ, ਪਲਕਪ੍ਰੀਤ ਕੌਰ, ਸਰਗੁਨਦੀਪ ਕੌਰ, ਏਕ ਨੂਰ ਕੌਰ, ਮੈਡਮ ਰੂਬੀ, ਗੁਰਜੀਤ ਸਿੰਘ ਭਲਵਾਨ, ਗੁਰਚਰਨ ਸਿੰਘ ਭਲਵਾਨ ਸਮੇਤ ਕੇਜੀਐਸ ਟੀਮ ਫਾਊਂਡੇਸ਼ਨ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਅਤੇ ਇਸਤਰੀ ਕੌਂਸਲ ਦੇ ਮੈਂਬਰ ਹਾਜ਼ਰ ਸਨ।