ਫ਼ਾਜ਼ਿਲਕਾ, 24 ਜੁਲਾਈ (ਦਵਿੰਦਰ ਪਾਲ ਸਿੰਘ)-ਫਾਜ਼ਿਲਕਾ-ਮਲੋਟ ਹਾਈਵੇ ’ਤੇ ਸਥਿਤ ਪਿੰਡ ਟਾਹਲੀ ਵਾਲਾ ਬੋਦਲਾ ਵਿਖੇ ਇਕ ਦੁਕਾਨ ਨੂੰ ਸੰਨ੍ਹ ਲਗਾ ਕੇ ਹਜ਼ਾਰਾਂ ਰੁਪਏ ਦੀ ਨਕਦੀ ਅਤੇ ਸਾਮਾਨ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਤੋਂ ਨਾਰਾਜ਼ ਸਥਾਨਕ ਲੋਕਾਂ ਅਤੇ ਦੁਕਾਨਦਾਰਾਂ ਨੇ ਇਲਾਕੇ ’ਚ ਵਧ ਰਹੀਆਂ ਚੋਰੀ ਦੀਆਂ ਵਾਰਦਾਤਾਂ ਦੇ ਰੋਸ ਵਜੋਂ ਹਾਈਵੇ ਜਾਮ ਕਰਕੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਦੁਕਾਨਦਾਰ ਸਾਜਨ ਕੁਮਾਰ ਨੇ ਦੱਸਿਆ ਕਿ ਬੀਤੀ ਰਾਤ ਚੋਰ ਦੁਕਾਨ ਦੀ ਕੰਧ ਤੋੜ ਕੇ ਅੰਦਰ ਦਾਖ਼ਲ ਹੋਏ ਅਤੇ ਲਗਭਗ 30 ਤੋਂ 35 ਹਜ਼ਾਰ ਰੁਪਏ ਦੀ ਨਕਦੀ, ਸਪਰੇਅ ਪੰਪ ਅਤੇ ਹੋਰ ਕੀਮਤੀ ਸਮਾਨ ਚੋਰੀ ਕਰ ਕੇ ਫ਼ਰਾਰ ਹੋ ਗਏ। ਘਟਨਾ ਦਾ ਪਤਾ ਤੜਕੇ ਸੀ.ਸੀ.ਟੀ.ਵੀ. ਕੈਮਰੇ ਚੈੱਕ ਕਰਨ ’ਤੇ ਲੱਗਿਆ। ਸੂਚਨਾ ਮਿਲਣ ਤੋਂ ਬਾਅਦ ਮੌਕੇ ’ਤੇ ਪਹੁੰਚੀ ਪੁਲਿਸ ਟੀਮ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰਨ ਦਾ ਭਰੋਸਾ ਦਿੱਤਾ ਹੈ।