ਵਿਗੜੀ ਕਾਨੂੰਨ ਵਿਵਸਥਾ ਨੂੰ ਲੈ ਕੇ ਸੱਤਿਆ ਭਾਦੂ ਨੇ ‘ਆਪ’ ਸਰਕਾਰ ’ਤੇ ਵਿੰਨ੍ਹਿਆ ਨਿਸ਼ਾਨਾ
ਅਬੋਹਰ, 2 ਅਕਤੂਬਰ (ਵਿਵੇਕ ਹੂੜੀਆ) ਕਿਸਾਨ ਕਾਂਗਰਸ ਦੇ ਸੂਬਾ ਸਕੱਤਰ ਸੱਤਿਆ ਭਾਦੂ ਨੇ ਅਬੋਹਰ ਵਿਚ ਲਗਾਤਾਰ ਵਿਗੜ ਰਹੀ ਕਾਨੂੰਨ ਵਿਵਸਥਾ ਨੂੰ ਲੈ ਕੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ’ਤੇ ਤਿੱਖਾ ਹਮਲਾ ਬੋਲਿਆ ਹੈ। ਭਾਦੂ ਨੇ ਕਿਹਾ ਕਿ ਪਿਛਲੇ ਮਹਿਜ਼ ਪੰਜ ਦਿਨਾਂ ਦੌਰਾਨ ਅਬੋਹਰ ਵਿਚ ਗੋਲੀਬਾਰੀ ਦੀਆਂ ਦੋ ਵਾਰਦਾਤਾਂ ਸਾਹਮਣੇ ਆ ਚੁੱਕੀਆਂ ਹਨ।
ਅਬੋਹਰ, 2 ਅਕਤੂਬਰ (ਵਿਵੇਕ ਹੂੜੀਆ) ਕਿਸਾਨ ਕਾਂਗਰਸ ਦੇ ਸੂਬਾ ਸਕੱਤਰ ਸੱਤਿਆ ਭਾਦੂ ਨੇ ਅਬੋਹਰ ਵਿਚ ਲਗਾਤਾਰ ਵਿਗੜ ਰਹੀ ਕਾਨੂੰਨ ਵਿਵਸਥਾ ਨੂੰ ਲੈ ਕੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ’ਤੇ ਤਿੱਖਾ ਹਮਲਾ ਬੋਲਿਆ ਹੈ। ਭਾਦੂ ਨੇ ਕਿਹਾ ਕਿ ਪਿਛਲੇ ਮਹਿਜ਼ ਪੰਜ ਦਿਨਾਂ ਦੌਰਾਨ ਅਬੋਹਰ ਵਿਚ ਗੋਲੀਬਾਰੀ ਦੀਆਂ ਦੋ ਵਾਰਦਾਤਾਂ ਸਾਹਮਣੇ ਆ ਚੁੱਕੀਆਂ ਹਨ। ਐਤਵਾਰ ਨੂੰ ਸੰਤ ਨਗਰੀ ਵਿਚ ਗੋਲੀ ਚੱਲੀ ਸੀ ਜਦਕਿ ਵੀਰਵਾਰ ਦੇਰ ਸ਼ਾਮ ਅਨਾਜ ਮੰਡੀ ਵਿਚ ਵੀ ਗੋਲੀਬਾਰੀ ਦੀ ਘਟਨਾ ਵਾਪਰੀ। ਉਨ੍ਹਾਂ ਕਿਹਾ ਕਿ ਇਨ੍ਹਾਂ ਲਗਾਤਾਰ ਵਾਪਰ ਰਹੀਆਂ ਘਟਨਾਵਾਂ ਕਾਰਨ ਆਮ ਲੋਕਾਂ ਵਿਚ ਦਹਿਸ਼ਤ ਤੇ ਚਿੰਤਾ ਦਾ ਮਾਹੌਲ ਹੈ। ਸੱਤਿਆ ਭਾਦੂ ਨੇ ਕਿਹਾ ਕਿ ਅਬੋਹਰ ਸਮੇਤ ਪੂਰਾ ਫ਼ਾਜ਼ਿਲਕਾ ਜ਼ਿਲ੍ਹਾ ਅਤਿ ਸੰਵੇਦਨਸ਼ੀਲ ਹੈ। ਫ਼ਾਜ਼ਿਲਕਾ ਪੰਜਾਬ ਦਾ ਅਜਿਹਾ ਜ਼ਿਲ੍ਹਾ ਹੈ ਜਿਸ ਦੀਆਂ ਸੀਮਾਵਾਂ ਪਾਕਿਸਤਾਨੀ ਅੰਤਰਰਾਸ਼ਟਰੀ ਸਰਹੱਦ ਤੋਂ ਇਲਾਵਾ ਹਰਿਆਣਾ ਤੇ ਰਾਜਸਥਾਨ ਨਾਲ ਵੀ ਲੱਗਦੀਆਂ ਹਨ। ਇਸ ਦੇ ਬਾਵਜੂਦ ਜ਼ਿਲ੍ਹੇ ਤੇ ਵਿਸ਼ੇਸ਼ ਤੌਰ ’ਤੇ ਅਬੋਹਰ ਹਲਕੇ ਵਿਚ ਪੁਲਿਸ ਦੀ ਨਫ਼ਰੀ ਨਾ-ਮਾਤਰ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਦੇ ਹੋਰਨਾਂ ਜ਼ਿਲ੍ਹਿਆਂ ਦੀ ਤੁਲਨਾ ਵਿਚ ਫ਼ਾਜ਼ਿਲਕਾ ਵਿਚ ਪੁਲਿਸ ਮੁਲਾਜ਼ਮਾਂ ਦੀ ਭਾਰੀ ਘਾਟ ਹੈ। ਸਰਹੱਦੀ ਖੇਤਰ ਹੋਣ ਕਰਕੇ ਇੱਥੇ ਜ਼ਿਆਦਾ ਪੁਲਿਸ ਬਲ ਹੋਣਾ ਚਾਹੀਦਾ ਸੀ ਪਰ ਮੌਜੂਦਾ ਸਥਿਤੀ ਇਹ ਹੈ ਕਿ ਇਕ-ਇਕ ਪੁਲਿਸ ਕਰਮਚਾਰੀ ਨੂੰ 4 ਤੋਂ 5 ਜਣਿਆਂ ਦਾ ਕੰਮ ਸੰਭਾਲਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਪੁਲਿਸ ਫੋਰਸ ਦੀ ਘਾਟ ਦਾ ਸਿੱਧਾ ਅਸਰ ਕਾਨੂੰਨ ਵਿਵਸਥਾ ’ਤੇ ਪੈ ਰਿਹਾ ਹੈ। ਪੂਰੀ ਨਫ਼ਰੀ ਨਾ ਹੋਣ ਕਾਰਨ ਪੁਲਿਸ ਲਈ ਸ਼ਹਿਰ ਤੇ ਆਸ-ਪਾਸ ਦੇ ਇਲਾਕਿਆਂ ਵਿਚ ਲਗਾਤਾਰ ਗਸ਼ਤ ਕਰਨਾ ਮੁਸ਼ਕਲ ਹੋ ਗਿਆ ਹੈ ਜਿਸ ਦਾ ਫ਼ਾਇਦਾ ਸਮਾਜ ਵਿਰੋਧੀ ਅਨਸਰ ਚੁੱਕ ਰਹੇ ਹਨ ਤੇ ਆਮ ਜਨਤਾ ਨੂੰ ਇਸ ਦਾ ਖ਼ਮਿਆਜ਼ਾ ਭੁਗਤਣਾ ਪੈ ਰਿਹਾ ਹੈ। ਸੱਤਿਆ ਭਾਦੂ ਨੇ ਦੋਸ਼ ਲਾਇਆ ਕਿ ‘ਆਪ’ ਸਰਕਾਰ ਨੇ ਆਪਣੇ ਸਾਢੇ ਚਾਰ ਸਾਲਾਂ ਦੇ ਕਾਰਜਕਾਲ ਦੌਰਾਨ ਪੁਲਿਸ ਫੋਰਸ ਵਧਾਉਣ ਵੱਲ ਕੋਈ ਧਿਆਨ ਨਹੀਂ ਦਿੱਤਾ। ਉਨ੍ਹਾਂ ਦਾਅਵਾ ਕੀਤਾ ਕਿ ਆਉਂਦੀਆਂ ਚੋਣਾਂ ਤੋਂ ਬਾਅਦ ਕਾਂਗਰਸ ਦੀ ਸਰਕਾਰ ਬਣਨ ’ਤੇ ਪੁਲਿਸ ਨਫ਼ਰੀ ਵਧਾਉਣ ਤੇ ਕਾਨੂੰਨ ਵਿਵਸਥਾ ਨੂੰ ਮਜ਼ਬੂਤ ਕਰਨ ਨੂੰ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਵੇਗਾ।