ਬਠਿੰਡਾ, 1 ਜਨਵਰੀ (ਅਵਤਾਰ ਸਿੰਘ ਕੈਂਥ)-ਨਵੇਂ ਸਾਲ ਦੀ ਆਮਦ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਸੰਗਤਾਂ ਵਲੋਂ ਸ਼ਬਦ ਕੀਰਤਨ ਰਾਤ 12 ਵਜੇ ਤੱਕ ਕੀਤੇ ਗਏ | ਸ਼ਹਿਰ ਦੇ ਵੱਖ-ਵੱਖ ਗੁਰਦੁਆਰਾ ਸਾਹਿਬਾਨ ਵਿਖੇ ਧਾਰਮਿਕ ਸਭਾ ਸੁਸਾਇਟੀਆਂ ਵਲੋਂ ਨਵੇਂ ਸਾਲ ਦੀ ਅਮਾਦ ਨੂੰ ਜੀ ਆਇਆਂ ਕਹਿਣ ਲਈ ਵਾਹਿਗੁਰੂ ਦਾ ਸ਼ੁਕਰਾਨਾ ਕਰਦਿਆਂ ਗੁਰਬਾਣੀ ਸ਼ਬਦ ਕੀਰਤਨ ਕੀਤਾ | ਸ਼ਹਿਰ ਦੇ ਗੁਰਦੁਆਰਾ ਸਾਹਿਬ ਕਿਲ੍ਹਾ ਮੁਬਾਰਕ, ਹਾਜੀ ਰਤਨ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਅਸਥਾਨ ਵਿਖੇ ਰਾਤ ਸਮੇਂ ਅਖੰਡ ਕੀਰਤਨ ਜਥੇ ਵਲੋਂ ਅਖੰਡ ਕੀਰਤਨ ਕਰਵਾਇਆ | ਖਾਲਸਾ ਦੀਵਾਨ ਸ੍ਰੀ ਗੁਰੂ ਸਿੰਘ ਸਭਾ ਵਿਖੇ ਹਜ਼ੂਰੀ ਰਾਗੀ ਸਤਨਾਮ ਸਿੰਘ ਦੇ ਜਥੇ ਗੁਰਬਾਣੀ ਕੀਰਤਨ ਕੀਤਾ | ਸੰਗਤਾਂ ਅੰਮਿ੍ਤ ਵੇਲੇ ਤੋਂ ਨਤਮਸਤਕ ਹੋਣ ਲਈ ਆ ਜਾ ਰਹੀਆਂ ਸਨ | ਇਸ ਤੋਂ ਇਲਾਵਾ ਗੁਰਦੁਆਰਾ ਸਾਹਿਬ ਭਾਈ ਜਗਤਾ ਜੀ ਦੇ ਹਜ਼ੂਰੀ ਰਾਗੀ ਭਾਈ ਲਖਵਿੰਦਰ ਸਿੰਘ, ਭਾਈ ਤਰਸੇਮ ਸਿੰਘ ਹਰਰਾਏਪੁਰ ਵਾਲਿਆਂ ਵਲੋਂ ਰਸਭਿੰਨੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ | ਕੀਰਤਨ ਦੀ ਸਮਾਪਤੀ ਉਪੰਰਤ ਸਮੂਹ ਸੰਗਤਾਂ ਨੇ ਸਰੱਬਤ ਦੇ ਭਲੇ ਲਈ ਅਰਦਾਸ ਕੀਤੀ |
ਨਵੇਂ ਸਾਲ ਦੀ ਆਮਦ 'ਤੇ ਸੰਗਤਾਂ ਵਲੋਂ ਸ਼ਬਦ ਕੀਰਤਨ <br/>
ਅਜੀਤ ਡੈਸਕ
02-01-2026