05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਗ੍ਰਾਮ ਸਭਾ ਸਮੇਂ ਪਿੰਡ ਬੱਲੋ੍ਹ ਨੇ ਇਤਿਹਾਸਕ ਕਦਮ ਪੁੱਟਿਆ

Ad Position 21
repet_subhas-goyals [Copy P29]
ਅਜੀਤ ਡੈਸਕ 02-01-2026

ਮਨਰੇਗਾ ਦੀ ਬਹਾਲੀ ਲਈ ਮਤਾ ਪਾਸ ਕਰ ਕੇ ਪਿੰਡ ਬੱਲੋ੍ਹ ਬਣਿਆ ਪੰਜਾਬ ਦਾ ਪਹਿਲਾ ਪਿੰਡ
ਚਾਉਕੇ, 1 ਜਨਵਰੀ (ਮਨਜੀਤ ਸਿੰਘ ਘੜੈਲੀ)-ਪਿੰਡ ਬੱਲੋ੍ਹ ਦੀ ਗ੍ਰਾਮ ਪੰਚਾਇਤ ਵਲੋਂ ਸਰਦ ਰੁੱਤ ਦੌਰਾਨ ਬੁਲਾਈ ਗ੍ਰਾਮ ਸਭਾ ਦੇ ਇਜਲਾਸ 'ਚ ਇਕ ਇਤਿਹਾਸਕ ਤੇ ਦੂਰ-ਅੰਦੇਸ਼ੀ ਫ਼ੈਸਲੇ ਲਏ ਹਨ | ਗ੍ਰਾਮ ਪੰਚਾਇਤ ਦੀ ਅਗਵਾਈ ਹੇਠ ਗ੍ਰਾਮ ਸਭਾ ਮੈਂਬਰਾਂ ਨੇ ਮਹਾਤਮਾ ਗਾਂਧੀ ਰਾਸ਼ਟਰੀ ਪੇਂਡੂ ਰੋਜ਼ਗਾਰ ਗਾਰੰਟੀ ਕਾਨੂੰਨ (ਮਨਰੇਗਾ) ਦੀ ਮਜ਼ਬੂਤੀ ਤੇ ਮੁੜ ਬਹਾਲੀ ਲਈ ਮਤਾ ਪਾਸ ਕਰਕੇ ਪਿੰਡ ਬੱਲੋ੍ਹ ਨੂੰ ਪੂਰੇ ਪੰਜਾਬ 'ਚੋਂ ਮਨਰੇਗਾ ਦੇ ਹੱਕ 'ਚ ਖੁੱਲ੍ਹ ਕੇ ਨਿੱਤਰਨ ਵਾਲਾ ਪਹਿਲਾ ਪਿੰਡ ਬਣਾ ਦਿੱਤਾ | ਇਸ ਮੌਕੇ ਪਿੰਡ ਦੀ ਮਹਿਲਾ ਸਰਪੰਚ ਅਮਰਜੀਤ ਕੌਰ ਦੀ ਅਗਵਾਈ ਹੇਠ ਪਾਸ ਕੀਤਾ ਗਿਆ, ਇਹ ਮਤਾ ਮਨਰੇਗਾ ਕਾਨੂੰਨ ਦੀ ਮੁੜ ਸੁਰਜੀਤੀ ਤੇ ਮਜ਼ਦੂਰੀ ਅਧਿਕਾਰਾਂ ਦੀ ਰੱਖਿਆ ਲਈ ਇਕ ਮਜ਼ਬੂਤ ਕਦਮ ਮੰਨਿਆ ਜਾ ਰਿਹਾ ਹੈ, ਜਿਸ ਨੂੰ ਗ੍ਰਾਮ ਸਭਾ ਦੇ ਰਿਕਾਰਡ 'ਚ ਦਰਜ ਕੀਤਾ ਗਿਆ ਹੈ | ਗ੍ਰਾਮ ਸਭਾ ਮੈਂਬਰਾਂ ਨੇ ਆਪਣੇ ਵਿਚਾਰ ਰੱਖਦੇ ਹੋਏ ਕਿਹਾ ਕਿ ਇਹ ਮਤਾ ਮਨਰੇਗਾ ਮਜ਼ਦੂਰਾਂ ਦੇ ਰੋਜ਼ਗਾਰ, ਹੱਕਾਂ ਤੇ ਇੱਜ਼ਤ ਦੀ ਰੱਖਿਆ ਵੱਲ ਇਕ ਤਾਕਤਵਰ ਆਵਾਜ਼ ਹੈ | ਇਜਲਾਸ ਦੌਰਾਨ ਕਰਵਾਏ ਇਨਾਮ ਵੰਡ ਸਮਾਰੋਹ 'ਚ ਜ਼ਿਲ੍ਹਾ ਬਠਿੰਡਾ ਦੇ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦਕਿ ਵਧੀਕ ਡਿਪਟੀ ਕਮਿਸ਼ਨਰ ਡਾ. ਨਰਿੰਦਰ ਸਿੰਘ ਧਾਲੀਵਾਲ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ | ਧੀਮਾਨ ਨੇ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਤੇ ਪਰਾਲੀ ਨਾ ਸਾੜਨ ਵਾਲੇ ਕਿਸਾਨਾਂ, ਸਕੂਲੀ ਵਿਦਿਆਰਥੀਆਂ ਅਤੇ ਵੱਖ-ਵੱਖ ਵਿਭਾਗਾਂ ਨਾਲ ਸੰਬੰਧਿਤ ਅਧਿਕਾਰੀਆਂ ਨੂੰ ਸਨਮਾਨਿਤ ਕੀਤਾ | ਇਸ ਮੌਕੇ ਹਾਜ਼ਰ ਤਰਨਜੋਤ ਵੈੱਲਫ਼ੇਅਰ ਸੁਸਾਇਟੀ ਦੇ ਪ੍ਰਧਾਨ ਕਰਮਜੀਤ ਸਿੰਘ ਨੇ ਕਿਹਾ ਕਿ ਪਿੰਡ ਬੱਲੋ੍ਹ ਦੀ ਗ੍ਰਾਮ ਪੰਚਾਇਤ ਪਹਿਲਾਂ ਵੀ ਤਰਨਜੋਤ ਵੈੱਲਫ਼ੇਅਰ ਸੁਸਾਇਟੀ ਦੇ ਸਹਿਯੋਗ ਨਾਲ ਲੋਕ-ਪੱਖੀ ਅਤੇ ਸਮਾਜਿਕ ਕਾਰਜਾਂ 'ਚ ਵਡਮੁੱਲਾ ਯੋਗਦਾਨ ਪਾਉਂਦੀ ਆ ਰਹੀ ਹੈ | ਇਸ ਸਮੇਂ ਗ੍ਰਾਮ ਪੰਚਾਇਤ ਵਲੋਂ ਹੋਰ ਅਹਿਮ ਮਤੇ ਵੀ ਪਾਸ ਕੀਤੇ ਗਏ, ਜਿਨ੍ਹਾਂ ਅਧੀਨ ਸਕੂਲਾਂ 'ਚ 100 ਫ਼ੀਸਦੀ ਹਾਜ਼ਰੀ ਵਾਲੇ ਬੱਚਿਆਂ ਨੂੰ 2100 ਰੁਪਏ ਨਕਦ ਇਨਾਮ ਦੇਣ ਤੇ ਪੰਜਾਬ ਪੱਧਰ ਦੀਆਂ ਖੇਡਾਂ ਵਿਚ ਚੁਣੀ ਜਾਣ ਵਾਲੀ ਟੀਮ ਨੂੰ 11 ਹਜ਼ਾਰ ਰੁਪਏ ਨਕਦ ਇਨਾਮ ਤੇ ਖੇਡ ਕਿੱਟਾਂ ਦੇਣ ਦਾ ਫ਼ੈਸਲਾ ਲਿਆ ਗਿਆ | ਇਸ ਤੋਂ ਇਲਾਵਾ ਆਮ ਇਜਲਾਸ 'ਚ ਛੇ ਥੀਮਾਂ ਦੇ ਆਧਾਰ 'ਤੇ ਨਵੇਂ ਵਿੱਤੀ ਵਰ੍ਹੇ ਲਈ ਗ੍ਰਾਮ ਪੰਚਾਇਤ ਵਿਕਾਸ ਯੋਜਨਾ ਤਿਆਰ ਕੀਤੀ ਗਈ, ਜਿਸ ਲਈ 93 ਲੱਖ 40 ਹਜ਼ਾਰ ਰੁਪਏ ਦਾ ਅਨੁਮਾਨਿਤ ਬਜਟ ਪਾਸ ਕੀਤਾ | ਇਸ ਬਜਟ 'ਚ ਅਨੁਸੂਚਿਤ ਜਾਤੀ ਵਰਗ ਨਾਲ ਸੰਬੰਧਿਤ ਕਾਰਜਾਂ ਤੋਂ ਇਲਾਵਾ ਵਾਟਰ ਵਰਕਸ, ਗਲੀਆਂ-ਨਾਲੀਆਂ, ਖੇਡ ਮੈਦਾਨਾਂ ਦੇ ਨਿਰਮਾਣ ਅਤੇ ਹੋਰ ਵਿਕਾਸ ਕਾਰਜ ਸ਼ਾਮਿਲ ਹਨ | ਇਸ ਸਮੇਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਵਲੋਂ ਆਪਣੀਆਂ ਸਰਕਾਰੀ ਸਕੀਮਾਂ ਬਾਰੇ ਜਾਣਕਾਰੀ ਵੀ ਗ੍ਰਾਮ ਸਭਾ ਮੈਂਬਰਾਂ ਨਾਲ ਸਾਂਝੀ ਕੀਤੀ ਗਈ | ਸਮਾਗਮ 'ਚ ਵੱਡੀ ਗਿਣਤੀ 'ਚ ਪਿੰਡ ਵਾਸੀ, ਪੰਚਾਇਤ ਮੈਂਬਰ ਤੇ ਵਿਭਾਗੀ ਅਧਿਕਾਰੀ ਹਾਜ਼ਰ ਰਹੇ | ਮੰਚ ਸੰਚਾਲਨ ਭੁਪਿੰਦਰ ਸਿੰਘ ਜਟਾਣਾ ਨੇ ਕੀਤਾ, ਜਦਕਿ ਪਰਮਜੀਤ ਸਿੰਘ ਭੁੱਲਰ ਨੇ ਸਮੁੱਚੇ ਪ੍ਰੋਗਰਾਮ ਦੀ ਰੂਪ ਰੇਖਾ ਉਲੀਕੀ |

Ad Position 22
No active advertisement
ਪਿਛਲੀ ਖ਼ਬਰ ਭਾਰਤੀ ਜਨਤਾ ਪਾਰਟੀ ਵਲੋਂ ਸਰਕਲ ਲਹਿਰਾ ਮੁਹੱਬਤ ਦੇ ਅਹੁਦੇਦਾਰਾਂ ਦਾ ਐਲਾਨ ਅਗਲੀ ਖ਼ਬਰ ਨਵੇਂ ਸਾਲ ਦੇ ਪਹਿਲੇ ਦਿਨ ਪਏ ਮੀਂਹ ਨੂੰ ਕਿਸਾਨਾਂ ਨੇ ਹਾੜ੍ਹੀ ਦੀਆਂ ਫ਼ਸਲਾਂ ਲਈ ਅੰਮਿ੍ਤ ਦੱਸਿਆ
Ad Position 24