ਮਾਨਸਾ, 1 ਜਨਵਰੀ (ਸ.ਰਿ.)-ਜ਼ਿਲੇ੍ਹ ਦੇ ਪੱਤਰਕਾਰਾਂ ਤੇ ਵੱਖ-ਵੱਖ ਸਮਾਜਿਕ ਸੰਗਠਨਾਂ ਦੇ ਆਗੂਆਂ ਨੇ ਕੁਝ ਪੱਤਰਕਾਰ 'ਤੇ ਸਮਾਜਿਕ ਕਾਰਕੁਨਾਂ ਖ਼ਿਲਾਫ਼ ਮੁਕੱਦਮਾ ਦਰਜ ਕਰਨ ਦੀ ਸਖ਼ਤ ਨਿੰਦਾ ਕੀਤੀ ਹੈ | ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹਾ ਕਰ ਕੇ ਪੰਜਾਬ ਸਰਕਾਰ ਲੋਕ ਆਵਾਜ਼ ਨੂੰ ਦਬਾਉਣਾ ਚਾਹੁੰਦੀ ਹੈ | ਕਾਬਲੇ-ਗ਼ੌਰ ਰਹੇ ਕਿ ਲੁਧਿਆਣਾ ਪੁਲਿਸ ਨੇ ਆਰ. ਟੀ. ਆਈ. ਕਾਰਕੁਨ ਮਾਨਿਕ ਗੋਇਲ, ਪੱਤਰਕਾਰ ਸਿਮਰਨ ਮੱਕੜ, ਮਿੰਟੂ ਗੁਰੂਸਰੀਆ, ਮਨਿੰਦਰਜੀਤ ਸਿੰਘ ਸਿੱਧੂ ਆਦਿ 10 ਜਣਿਆਂ ਖ਼ਿਲਾਫ਼ ਪਰਚਾ ਦਰਜ ਕੀਤਾ ਗਿਆ ਹੈ | ਪੰਜਾਬ, ਚੰਡੀਗੜ੍ਹ ਜਰਨਲਿਸਟ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਧਾਲੀਵਾਲ, ਜਨਰਲ ਸਕੱਤਰ ਜਗਤਾਰ ਧੰਜਲ, ਸੂਬਾ ਕਮੇਟੀ ਮੈਂਬਰ ਜੋਗਿੰਦਰ ਸਿੰਘ ਮਾਨ, ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ, ਸੀ. ਪੀ. ਆਈ. ਦੇ ਜ਼ਿਲ੍ਹਾ ਸਕੱਤਰ ਕ੍ਰਿਸ਼ਨ ਚੌਹਾਨ, ਸੰਵਿਧਾਨ ਬਚਾਓ ਮੋਰਚਾ ਦੇ ਐਡਵੋਕੇਟ ਗੁਰਲਾਭ ਸਿੰਘ ਮਾਹਲ, ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਧੰਨਾ ਮੱਲ ਗੋਇਲ ਨੇ ਕਿਹਾ ਕਿ ਮਾਨ ਸਰਕਾਰ ਸਾਰਥਿਕ ਆਲੋਚਨਾ ਸਹਿਣ ਦੀ ਬਜਾਏ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਆਵਾਜ਼ ਚੁੱਕਣ ਵਾਲੇ ਵਿਅਕਤੀਆਂ 'ਤੇ ਮੁਕੱਦਮੇ ਦਰਜ ਕਰਨ ਲੱਗੀ ਹੈ, ਜਿਸ ਨੂੰ ਕਿਸੇ ਵੀ ਕੀਮਤ 'ਤੇ ਸਹਿਣ ਨਹੀਂ ਕੀਤਾ ਜਾ ਸਕਦਾ | ਉਨ੍ਹਾਂ ਪੱਤਰਕਾਰ ਜਥੇਬੰਦੀ ਵਲੋਂ 4 ਜਨਵਰੀ ਦੇ ਚੰਡੀਗੜ੍ਹ ਧਰਨੇ ਦੀ ਹਮਾਇਤ ਵੀ ਕੀਤੀ |