ਮੌੜ ਮੰਡੀ, 5 ਜਨਵਰੀ (ਗੁਰਜੀਤ ਸਿੰਘ ਕਮਾਲੂ)-ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਮੌੜ ਅਤੇ ਮੌੜ ਦੇ ਪੱਤਰਕਾਰਾਂ ਨੇ ਸਾਂਝੀ ਮੀਟਿੰਗ ਗੁਰਦੁਆਰਾ ਮੌੜ ਮੰਡੀ ਵਿਖ਼ੇ ਕੀਤੀ ਤੇ ਸਾਝੇਂ ਤੌਰ 'ਤੇ ਮਨਜਿੰਦਰ ਸਿੰਘ ਸਿੱਧੂ, ਮਿੰਟੂ ਗੁਰੂਸਰੀਆ, ਮਾਨਿਕ ਗੋਇਲ ਸਣੇ 10 ਪੱਤਰਕਾਰਾਂ ਤੇ ਆਈ ਟੀ ਆਈ ਕਾਰਕੁੰਨਾਂ 'ਤੇ ਲੁਧਿਆਣਾ ਦੀ ਪੁਲਿਸ ਵਲੋਂ ਕੀਤੇ ਝੂਠੇ ਪਰਚਿਆਂ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ | ਯੂਨੀਅਨ ਦੇ ਜ਼ਿਲ੍ਹਾ ਜਰਨਲ ਸਕੱਤਰ ਹਰਜਿੰਦਰ ਸਿੰਘ ਬੱਗੀ, ਬਲਾਕ ਜਰਨਲ ਸਕੱਤਰ ਗੁਰਮੇਲ ਸਿੰਘ ਭੂੰਦੜ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਚੁੱਕੇ ਗਏ ਅਜਿਹੇ ਕਦਮ ਹੱਕ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲੀ ਪ੍ਰੈੱਸ ਦੀ ਤੇ ਲੋਕਤੰਤਰ ਦੀ ਅਜ਼ਾਦੀ ਤੇ ਸਿੱਧਾ ਹਮਲਾ ਹੈ | ਕਿਸਾਨ ਆਗੂਆਂ ਨੇ ਕਿਹਾ ਸਰਕਾਰ ਦੇ ਇਸ ਹਮਲੇ ਵਿਰੁੱਧ ਅਸੀਂ ਸਾਰੇ ਹੀ ਕਿਰਤੀ ਲੋਕਾਂ ਨੂੰ ਸੰਘਰਸ਼ ਦੇ ਮੈਦਾਨ ਵਿਚ ਆਉਣ ਦਾ ਸੱਦਾ ਦਿੰਦੇ ਹਾਂ ਤੇ ਪੱਤਰਕਾਰ ਭਾਈ ਚਾਰੇ ਵਲੋਂ 7 ਜਨਵਰੀ ਨੂੰ ਬਠਿੰਡਾ ਵਿਖੇ ਵੱਡੇ ਪੱਧਰ 'ਤੇ ਜਿਹੜਾ ਪ੍ਰੋਗਰਾਮ ਦਿੱਤਾ ਹੈ ਉਸ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਮੌੜ ਵਲੋਂ ਵੱਧ ਚੜ੍ਹ ਕੇ ਸ਼ਮੂਲੀਅਤ ਕੀਤੀ ਜਾਵੇਗੀ | ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਮਨਰੇਗਾ ਸਕੀਮ ਦਾ ਵਿਰੋਧ ਕਰਕੇ ਗਰੀਬਾਂ ਪੱਖੀ ਹੋਣ ਦਾ ਢੌਂਗ ਰਚ ਰਹੀ ਹੈ | ਉਨ੍ਹਾਂ ਨੇ ਕਿਹਾ ਕਿ ਸਰਕਾਰ ਹੱਕੀ ਸੰਘਰਸ਼ਾਂ ਨੂੰ ਕੁਚਲਣ ਲਈ ਆਗੂਆਂ ਨੂੰ ਜੇਲ੍ਹਾਂ ਵਿਚ ਬੰਦ ਕਰ ਰਹੀ ਹੈ ਅਤੇ ਬਾਕੀ ਆਗੂਆਂ ਨੂੰ ਵੀ ਜੇਲਾਂ ਵਿਚ ਬੰਦ ਕਰਨ ਦੀ ਸਕੀਮ ਘੜ ਰਹੀ ਹੈ | ਉਹਨਾਂ ਨੇ ਕਿਹਾ ਕਿ ਸੰਘਰਸ਼ ਕਮੇਟੀ ਦੇ ਸੂਬਾ ਆਗੂ ਮੁਕੇਸ ਮਲੌਦ ਨੂੰ ਬਿਨ੍ਹਾਂ ਸ਼ਰਤ ਰਿਹਾਅ ਕੀਤਾ ਜਾਵੇ ਅਤੇ ਪੱਤਰਕਾਰ ਭਰਾਵਾਂ ਤੇ ਪਾਏਾ ਹੋਏ ਝੂਠੇ ਪਰਚਿਆਂ ਨੂੰ ਤਰੁੰਤ ਰੱਦ ਕੀਤੇ ਜਾਣ ਜੇਕਰ ਪੰਜਾਬ ਸਰਕਾਰ ਨੇ ਇਨ੍ਹਾਂ ਨੂੰ ਰੱਦ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿਚ ਇਸ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ | ਇਸ ਮੌਕੇ ਬੀਕੇਯੂ ਏਕਤਾ ਉਗਰਾਹਾਂ ਮੌੜ ਬਲਾਕ ਦੇ ਆਗੂ ਗੁਰਜੀਤ ਸਿੰਘ ਬੰਗੇਹਰ, ਸਿਕੰਦਰ ਸਿੰਘ ਘੁੰਮਣ, ਭੋਲਾ ਸਿੰਘ ਰਾਏ ਖਾਨਾ, ਕਲਕੱਤਾ ਸਿੰਘ ਮਾਣਕ ਖਾਨਾਂ, ਅਮਿ੍ਤ ਸਿੰਘ ਮੌੜ ਚੜ੍ਹਤ, ਭੋਲਾ ਮਾੜੀ, ਪੱਤਰਕਾਰ ਰਾਧੇ ਸ਼ਾਮ ਜੈਨ, ਸ਼ਾਮ ਲਾਲ, ਹਰਿਮੰਦਰ ਸਿੰਘ ਅਵਿਨਾਸ਼ ਹਾਜ਼ਰ ਸਨ |