ਫ਼ਾਜ਼ਿਲਕਾ, 5 ਜਨਵਰੀ (ਦਵਿੰਦਰ ਪਾਲ ਸਿੰਘ)-ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਦੱਸਿਆ ਕਿ ਪਾਰਟੀ ਗ਼ਰੀਬਾਂ ਦੇ ਹਿਤ ਵਿਚ ਬਣਾਈ ਗਈ ਵਿਕਸਤ ਭਾਰਤ ਜੀ ਰਾਮ ਜੀ ਯੋਜਨਾ ਸੰਬੰਧੀ ਜਨ ਜਾਗਰੂਕਤਾ ਲਈ 7 ਜਨਵਰੀ 2026 ਤੋਂ ਇਕ ਅਭਿਆਨ ਚਲਾਏਗੀ | ਇੱਥੋਂ ਜਾਰੀ ਬਿਆਨ 'ਚ ਉਨ੍ਹਾਂ ਨੇ ਕਿਹਾ ਕਿ ਇਸ ਅਭਿਆਨ ਦੀ ਸ਼ੁਰੂਆਤ ਫ਼ਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਖਿਓਵਾਲੀ ਢਾਬ ਤੋਂ ਕੀਤੀ ਜਾਵੇਗੀ | ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਰਤ ਸਰਕਾਰ ਹਮੇਸ਼ਾ ਹੀ ਸਭ ਦਾ ਸਾਥ, ਸਭ ਦਾ ਵਿਕਾਸ ਦੀ ਨੀਤੀ ਨਾਲ ਚੱਲਦੀ ਹੈ ਅਤੇ ਇਹ ਯੋਜਨਾ ਵੀ ਗ਼ਰੀਬਾਂ ਦੀ ਭਲਾਈ ਲਈ ਇਸੇ ਨੀਤੀ ਅਨੁਸਾਰ ਬਣਾਈ ਗਈ ਹੈ | ਉਨ੍ਹਾਂ ਨੇ ਕਿਹਾ ਕਿ ਸਰਕਾਰ ਵਲੋਂ ਗ਼ਰੀਬਾਂ ਲਈ ਰੋਜ਼ਗਾਰ ਦੇ ਦਿਨਾਂ ਨੂੰ 100 ਤੋਂ ਵਧਾ ਕੇ 125 ਕੀਤਾ ਗਿਆ ਹੈ ਉਥੇ ਹੀ ਇਸ ਨਵੀਂ ਯੋਜਨਾ 'ਚ ਮਜ਼ਦੂਰਾਂ ਨੂੰ ਕੰਮ ਨਾ ਮੁਹੱਈਆ ਕਰਵਾਉਣ ਲਈ ਜ਼ਿੰਮੇਵਾਰੀ ਵੀ ਤੈਅ ਕੀਤੀ ਗਈ ਹੈ | ਉਨ੍ਹਾਂ ਨੇ ਕਿਹਾ ਕਿ ਇਸ ਯੋਜਨਾ ਦੇ ਆਉਣ ਨਾਲ ਭਿ੍ਸ਼ਟਾਚਾਰ ਬੰਦ ਹੋਵੇਗਾ ਅਤੇ ਮਜ਼ਦੂਰੀ ਦੀ ਸਾਰੀ ਰਕਮ ਮਜ਼ਦੂਰਾਂ ਦੇ ਬੈਂਕ ਖਾਤਿਆਂ ਤੱਕ ਪਹੁੰਚੇਗੀ, ਅਤੇ ਇਹੀ ਇਕ ਕਾਰਨ ਹੈ ਕਿ 'ਆਪ' ਸਰਕਾਰ ਤੇ ਕਾਂਗਰਸ ਇਸ ਨਵੀਂ ਗ਼ਰੀਬ ਪੱਖੀ ਸਕੀਮ ਦਾ ਵਿਰੋਧ ਕਰਕੇ ਇਸ ਖ਼ਿਲਾਫ਼ ਸਮਾਜ 'ਚ ਝੂਠ ਫੈਲਾ ਰਹੀਆਂ ਹਨ | ਸੁਨੀਲ ਜਾਖੜ ਨੇ ਕਿਹਾ ਕਿ ਪਾਰਟੀ ਵਲੋਂ ਇਸ ਅਭਿਆਨ ਦੌਰਾਨ ਆਮ ਆਦਮੀ ਪਾਰਟੀ ਤੇ ਕਾਂਗਰਸ ਵਲੋਂ ਇਸ ਗ਼ਰੀਬਾਂ ਦੇ ਕਲਿਆਣ ਲਈ ਲਿਆਂਦੀ ਯੋਜਨਾ ਖ਼ਿਲਾਫ਼ ਫੈਲਾਏ ਜਾ ਰਹੇ ਭਰਮ ਦੇ ਢੋਲ ਦੀ ਪੋਲ ਖੋਲ੍ਹੀ ਜਾਵੇਗੀ ਤੇ ਮਜ਼ਦੂਰਾਂ ਨੂੰ ਸੱਚ ਤੋਂ ਜਾਣੂ ਕਰਵਾਇਆ ਜਾਵੇਗਾ | ਸੁਨੀਲ ਜਾਖੜ ਨੇ ਕਿਹਾ ਕਿ 'ਆਪ' ਸਰਕਾਰ ਆਪਣੀਆਂ ਨਾਕਾਮੀਆਂ 'ਤੇ ਪਰਦੇ ਪਾਉਣ ਲਈ ਅਤੇ ਅਸਲ ਮੁੱਦਿਆਂ ਤੋਂ ਧਿਆਨ ਭਟਕਾਉਣ ਲਈ ਇਸ ਯੋਜਨਾ ਖ਼ਿਲਾਫ਼ ਕੂੜ ਪ੍ਰਚਾਰ ਕਰ ਰਹੀ ਹੈ ਅਤੇ ਭਾਜਪਾ ਇਸ ਭਰਮ ਜਾਲ ਨੂੰ ਵਿਆਪਕ ਜਨ ਜਾਗਰੂਕਤਾ ਪ੍ਰੋਗਰਾਮ ਰਾਹੀਂ ਤੋੜੇਗੀ |