ਬਠਿੰਡਾ, 5 ਜਨਵਰੀ (ਵਲ੍ਹਾਣ): ਬੱਸ ਅੱਡਾ ਬਚਾਓ ਸੰਘਰਸ਼ ਕਮੇਟੀ ਬਠਿੰਡਾ ਦੀ ਅਗਵਾਈ ਵਿਚ 6 ਜਨਵਰੀ ਨੂੰ ਬਾਜ਼ਾਰ ਬੰਦ ਅਤੇ ਵੱਡੇ ਮੁਜ਼ਾਹਰੇ ਕਰਕੇ ਮਹਿਣਾ ਚੌਂਕ ਵਿਚ ਪੰਜਾਬ ਸਰਕਾਰ ਦੀ ਅਰਥੀ ਫੂਕਣ ਦੇ ਪ੍ਰੋਗਰਾਮ ਵਿਚ ਸ਼ਮੂਲੀਅਤ ਦਾ ਫ਼ੈਸਲਾ ਲੈਂਦਿਆਂ ਜਮਹੂਰੀ ਅਧਿਕਾਰ ਸਭਾ ਨੇ ਸਾਰੇ ਜਮਹੂਰੀਅਤ ਪਸੰਦ, ਇਨਸਾਫ਼ ਪਸੰਦ ਲੋਕਾਂ ਤੇ ਜਥੇਬੰਦੀਆਂ ਨੂੰ ਹਿੱਸਾ ਲੈਣ ਦਾ ਸੱਦਾ ਦਿੱਤਾ ਹੈ | ਜ਼ਿਲ੍ਹਾ ਕਾਰਜਕਾਰਨੀ ਦੀ ਮੀਟਿੰਗ ਕਰਦਿਆਂ ਜ਼ਿਲ੍ਹਾ ਪ੍ਰਧਾਨ ਪਿ੍ੰਸੀਪਲ ਬੱਗਾ ਸਿੰਘ, ਸਹਾਇਕ ਸਕੱਤਰ ਅਵਤਾਰ ਸਿੰਘ ਤੇ ਪੈੱ੍ਰਸ ਸਕੱਤਰ ਡਾ: ਅਜੀਤਪਾਲ ਸਿੰਘ ਨੇ ਦੱਸਿਆ ਕਿ ਬੱਸ ਅੱਡਾ ਜੇ 7 ਕਿੱਲੋਮੀਟਰ ਦੂਰ ਮਲੋਟ ਰੋਡ 'ਤੇ ਜਾਂਦਾ ਹੈ ਤਾਂ ਇਸ ਦਾ ਭਾਰੀ ਨੁਕਸਾਨ ਆਮ ਲੋਕਾਂ, ਸ਼ਹਿਰ ਦੇ ਬਾਜ਼ਾਰਾਂ, ਵਿਦਿਆਰਥੀਆਂ, ਛੋਟੇ ਵਪਾਰੀਆਂ, ਨੌਜਵਾਨਾਂ, ਔਰਤਾਂ, ਬਜ਼ੁਰਗਾਂ, ਮਿੰਨੀ ਟਰਾਂਸਪੋਰਟਰਾਂ ਅਤੇ ਛੋਟੇ ਕਾਰੋਬਾਰੀਆਂ ਨੂੰ ਹੋਵੇਗਾ | ਇੱਕ ਪਾਸੇ ਪਿਛਲੇ ਅੱਠ ਮਹੀਨਿਆਂ ਤੋਂ ਵੱਧ ਸਮੇਂ ਤੋਂ ਬੱਸ ਅੱਡਾ ਬਚਾਓ ਸੰਘਰਸ਼ ਕਮੇਟੀ ਇਨਸਾਫ਼ ਲਈ ਧਰਨੇ ਦੇ ਰਹੀ ਹੈ ਤੇ ਦੂਜੇ ਪਾਸੇ ਸਰਕਾਰ ਫਿਰ ਵੀ ਤਾਨਾਸ਼ਾਹ ਬਣੀ ਹੋਈ ਹੈ | ਸਭਾ ਦੇ ਆਗੂਆਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਲੋਕਾਂ ਤੋਂ ਪੁੱਛ ਕੇ ਹੀ ਫ਼ੈਸਲਾ ਲਿਆ ਜਾਵੇ |