ਤਲਵੰਡੀ ਸਾਬੋ, 27 ਜਨਵਰੀ (ਰਣਜੀਤ ਸਿੰਘ ਰਾਜੂ)-ਦਿੱਲੀ ਕਿਸਾਨ ਅੰਦੋਲਨ ਦੀਆਂ ਰਹਿੰਦੀਆਂ ਅਤੇ ਮੌਜੂਦਾ ਸਮੇਂ ਦੀਆਂ ਭੱਖਦੀਆਂ ਕਿਸਾਨੀ ਮੰਗਾਂ ਦੇ ਹੱਲ ਲਈ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਗਣਤੰਤਰਤਾ ਦਿਹਾੜੇ ਵਾਲੇ ਦਿਨ ਤਲਵੰਡੀ ਸਾਬੋ 'ਚ ਟਰੈਕਟਰ ਮਾਰਚ ਕੱਢੇ ਗਏ ਜਿੰਨ੍ਹਾਂ ਵਿਚ ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਤੋਂ ਇਲਾਵਾ ਵੱਡੀ ਗਿਣਤੀ ਕਿਸਾਨ ਕਿਸਾਨੀ ਝੰਡਿਆਂ ਹੇਠ ਆਪੋ ਆਪਣੇ ਟਰੈਕਟਰ ਲੈ ਕੇ ਸ਼ਾਮਿਲ ਹੋਏ | ਟਰੈਕਟਰ ਮਾਰਚ ਤੋਂ ਪਹਿਲਾਂ ਕਿਸਾਨਾਂ ਦੇ ਇਕੱਠਾਂ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਆਗੂ ਜਗਦੇਵ ਸਿੰਘ ਜੋਗੇਵਾਲਾ, ਰਾਜਮਹਿੰਦਰ ਸਿੰਘ ਕੋਟਭਾਰਾ ਜ਼ਿਲ੍ਹਾ ਪ੍ਰਧਾਨ ਤੇ ਬਲਕਰਨ ਸਿੰਘ ਭਾਗੀਵਾਂਦਰ ਜ਼ਿਲ੍ਹਾ ਆਗੂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ (ਬੁਰਜ ਗਿੱਲ) ਨੇ ਕਿਹਾ ਕਿ ਭਾਂਵੇ ਦਿੱਲੀ ਅੰਦੋਲਨ ਦੌਰਾਨ ਕਿਸਾਨ ਲਹਿਰ ਦੀ ਤਾਕਤ ਅੱਗੇ ਝੁਕਦਿਆਂ ਕੇਂਦਰ ਦੀ ਮੋਦੀ ਸਰਕਾਰ ਨੇ ਤਿੰਨ ਕਾਲੇ ਕਾਨੂੰਨ ਤਾਂ ਵਾਪਸ ਲੈ ਲਏ ਪਰ ਬਾਕੀ ਰਹਿੰਦੀਆਂ ਮੰਨੀਆਂ ਹੋਈਆਂ ਮੰਗਾਂ ਲਾਗੂ ਨਹੀਂ ਕੀਤੀਆਂ ਸਗੋਂ ਇਸ ਦੇ ਉਲਟ ਨਿੱਜੀਕਰਨ ਦਾ ਕੁਹਾੜਾ ਹੋਰ ਤੇਜ਼ ਕਰ ਦਿੱਤਾ ਜਿਸ ਦੇ ਖਿਲਾਫ ਦਿੱਲੀ ਅੰਦੋਲਨ ਤੋਂ ਬਾਅਦ ਲਗਾਤਾਰ ਸੰਯੁਕਤ ਕਿਸਾਨ ਮੋਰਚੇ ਵੱਲੋਂ ਟਰੈਕਟਰ ਮਾਰਚ ਤੇ ਹੋਰ ਵੱਖ ਵੱਖ ਤਰ੍ਹਾਂ ਨਾਲ ਅੰਦੋਲਨ ਜਾਰੀ ਹਨ | ਆਗੂਆਂ ਨੇ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਮੰਨੇ ਨਹੀਂ ਫਿਰ ਕਿਸਾਨਾਂ ਮਜ਼ਦੂਰਾਂ ਦੇ ਰੋਹ ਦਾ ਸਾਹਮਣਾ ਕਰਨ ਲਈ ਤਿਆਰ ਰਹੇ | ਟਰੈਕਟਰ ਮਾਰਚਾਂ ਦੌਰਾਨ ਭਾਕਿਯੂ (ਉਗਰਾਹਾਂ) ਦੇ ਕਾਲਾ ਚੱਠੇਵਾਲਾ, ਕਲੱਤਰ ਸਿੰਘ ਕਲਾਲਵਾਲਾ, ਭਾਕਿਯੂ ਏਕਤਾ ਡਕੌਂਦਾ (ਬੁਰਜ ਗਿੱਲ) ਦੇ ਜਗਦੇਵ ਸਿੰਘ ਭਾਗੀਵਾਂਦਰ, ਦਰਸ਼ਨ ਸਿੰਘ ਭਾਗੀਵਾਂਦਰ ਤੋਂ ਇਲਾਵਾ ਵੱਡੀ ਗਿਣਤੀ ਕਿਸਾਨਾਂ ਨੇ ਸ਼ਮੂਲੀਅਤ ਕੀਤੀ |