ਮੌੜ ਮੰਡੀ, 2 ਫਰਵਰੀ (ਗੁਰਜੀਤ ਸਿੰਘ ਕਮਾਲੂ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਮੌੜ ਦੀ ਮੀਟਿੰਗ ਗੁਰਦੁਆਰਾ ਤਿੱਤਰਸਰ ਸਾਹਿਬ ਪਿੰਡ ਮਾਈਸਰਖਾਨਾ ਵਿਖੇ ਬਲਾਕ ਜਨਰਲ ਸਕੱਤਰ ਗੁਰਮੇਲ ਸਿੰਘ ਭੂੰਦੜ ਦੀ ਪ੍ਰਧਾਨਗੀ ਹੇਠ ਹੋਈ | ਇਸ ਸਮੇਂ ਜ਼ਿਲ੍ਹਾ ਆਗੂ ਜਗਦੇਵ ਸਿੰਘ ਜੋਗੇਵਾਲਾ ਵਿਸ਼ੇਸ਼ ਤੌਰ 'ਤੇ ਪਹੁੰਚੇ | ਕਿਸਾਨ ਆਗੂਆਂ ਨੇ ਕਿਹਾ ਕਿ ਸ਼ਗਨਦੀਪ ਸਿੰਘ ਜਿਉਂਦ ਤੇ ਬਲਦੇਵ ਸਿੰਘ ਚਾਉਂਕੇ ਜੋ ਕਿ ਨੋ ਮਹੀਨਿਆਂ ਤੋਂ ਵੱਧ ਸਮੇਂ ਤੋਂ ਚਾਉਕੇ ਆਦਰਸ਼ ਸਕੂਲ ਦੇ ਸੰਘਰਸ਼ ਕਾਰਨ ਬਠਿੰਡਾ ਜੇਲ੍ਹ ਵਿਚ ਬੰਦ ਹਨ ਪਰ ਪ੍ਰਸ਼ਾਸਨ ਵਲੋਂ ਉਨ੍ਹਾਂ ਤੇ ਪਿੰਡ ਜਿਉਂਦ ਦੇ ਜ਼ਮੀਨੀ ਸੰਘਰਸ਼ ਦੇ ਝੂਠੇ ਕੇਸ ਪਾ ਕੇ ਜੇਲ੍ਹ ਵਿਚ ਬੰਦ ਰੱਖਿਆ ਹੋਇਆ ਹੈ ਜੋ ਸਰਾਸਰ ਝੂਠ ਹੈ | ਬਠਿੰਡੇ ਜ਼ਿਲ੍ਹੇ ਦਾ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਇਹ ਜਾਣਬੁੱਝ ਕੇ ਜਥੇਬੰਦੀ ਦੇ ਆਗੂਆਂ ਨਾਲ ਦੁਰਵਿਵਹਾਰ ਕਰ ਰਹੀ ਹੈ | ਕਿਸਾਨ ਆਗੂਆਂ ਨੇ ਦੱਸਿਆ ਕਿ ਕਿਸਾਨ ਆਗੂਆਂ ਨੂੰ ਪੱਕੀ ਰਿਹਾਈ ਲਈ 6 ਫਰਵਰੀ ਨੂੰ ਬਠਿੰਡਾ ਵਿਖੇ ਸੂਬਾ ਪੱਧਰੀ ਪੱਕਾ ਮੋਰਚਾ ਲਾਇਆ ਜਾ ਰਿਹਾ ਹੈ | ਕਿਸਾਨ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਨੇ ਜੋ ਬਜਟ ਪੇਸ਼ ਕੀਤਾ ਹੈ ਇਹ ਖੋਖਲਾ ਬਜਟ ਪੇਸ਼ ਕੀਤਾ ਹੈ | ਇਹ ਸੰਘਰਸ਼ ਕਿਸਾਨ ਆਗੂਆਂ ਦੀ ਰਿਹਾਈ ਤੱਕ ਜਾਰੀ ਰਹੇਗਾ | ਅੱਜ ਦੀ ਮੀਟਿੰਗ ਵਿਚ ਜ਼ਿਲ੍ਹਾ ਆਗੂ ਜਸਵੀਰ ਸਿੰਘ ਸੇਮਾ, ਬਲਾਕ ਆਗੂ ਗੁਰਜੀਤ ਸਿੰਘ ਬੰਗੇਹਰ, ਭੋਲਾ ਸਿੰਘ ਮਾੜੀ, ਭਿੰਦਰ ਸਿੰਘ ਭਾਈ ਬਖਤੌਰ, ਜਸਪਾਲ ਸਿੰਘ ਮੌੜ ਖੁਰਦ ਅਤੇ ਪਿੰਡ ਕਮੇਟੀਆਂ ਦੇ ਪ੍ਰਧਾਨ ਸਕੱਤਰ ਤੇ ਕਿਸਾਨ ਮਜ਼ਦੂਰ ਸ਼ਾਮਲ ਸਨ |