ਮੋਗਾ, 2 ਫਰਵਰੀ (ਸੁਰਿੰਦਰਪਾਲ ਸਿੰਘ)-ਪੰਜਾਬ ਆਈ.ਏ.ਈ.ਟੀ. ਜਥੇਬੰਦੀ ਦੀ ਆਨਲਾਈਨ ਮੀਟਿੰਗ ਹੋਈ, ਜਿਸ 'ਚ ਫ਼ੈਸਲਾ ਕੀਤਾ ਗਿਆ ਕਿ 5 ਫਰਵਰੀ ਨੂੰ ਮੁਹਾਲੀ ਵਿਖੇ ਜਥੇਬੰਦੀ ਪੰਜਾਬ ਵਲੋਂ ਮਹਾਂ ਰੈਲੀ ਕੀਤੀ ਜਾਵੇਗੀ ਅਤੇ ਡੀ.ਪੀ.ਆਈ. (ਐਲੀਮੈਂਟਰੀ) ਦੇ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ, ਕਿਉਂਕਿ ਸਾਡੇ ਨਾਲ ਬਹੁਤ ਵਾਰੀ ਵਾਅਦੇ ਕਰ ਕੇ ਸਾਡੀਆਂ ਮੰਗਾਂ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ | ਪੰਜਾਬ ਸਰਕਾਰ ਸਾਰਿਆਂ ਨਾਲ ਇਕ ਸਮਾਨ ਵਿਵਹਾਰ ਕਰਨ ਦੇ ਦਾਅਵੇ ਕਰਨ ਦੇ ਬਿਆਨ ਦੇ ਰਹੀ ਹੈ, ਫਿਰ ਸਾਡੀ ਜਥੇਬੰਦੀ ਨਾਲ ਵਿਤਕਰਾ ਕਿਉਂ ਕੀਤਾ ਜਾ ਰਿਹਾ ਹੈ | ਜਥੇਬੰਦੀ ਦੀ ਜ਼ਿਲ੍ਹਾ ਪ੍ਰਧਾਨ ਨਰਿੰਦਰ ਕੌਰ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਅਸੀਂ ਪੰਜਾਬ ਦੇ ਸਮੂਹ ਆਈ.ਈ.ਏ.ਟੀ. ਅਧਿਆਪਕ ਪਿਛਲੇ 16-27 ਸਾਲਾਂ ਤੋਂ ਸਰਕਾਰੀ ਸਕੂਲਾਂ ਵਿਚ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਪ੍ਰੀ ਪ੍ਰਾਇਮਰੀ ਤੋਂ ਬਾਰ੍ਹਵੀਂ ਤੱਕ ਸਮਾਵੇਸ਼ੀ ਸਿੱਖਿਆ ਦੇ ਅਧੀਨ ਪੜ੍ਹਾ ਰਹੇ ਹਾਂ, ਅਸੀਂ ਐਮ.ਏ. ਬੀ.ਐਡ ਟੈਟ ਕਲੀਅਰ ਹਾਂ | ਇਸ ਤੋਂ ਇਲਾਵਾ ਸਾਡੇ ਕੋਲ ਸਪੈਸ਼ਲ ਡਿਗਰੀਆਂ ਅਤੇ ਜਨਰਲ ਡਿਪਲੋਮੇ ਹਨ ਜਿਵੇਂ ਕਿ ਈ.ਟੀ.ਟੀ. ਅਤੇ ਐਨ.ਟੀ.ਟੀ. | ਇਨ੍ਹਾਂ ਸਾਰੀਆਂ ਪ੍ਰੋਫੈਸ਼ਨਲ ਡਿਗਰੀਆਂ ਅਤੇ ਡਿਪਲੋਮੇ ਹੋਣ ਦੇ ਬਾਵਜੂਦ ਵੀ ਸਾਨੂੰ ਮਹਿਕਮੇ ਨੇ ਅਜੇ ਤੱਕ ਸਿਰਫ਼ 12ਵੀਂ ਪਾਸ ਹੀ ਸ਼ੋਅ ਕੀਤਾ ਹੈ | ਸਾਡੀ ਭਰਤੀ ਨੂੰ 12ਵੀਂ ਬੇਸ ਭਰਤੀ ਦੱਸਿਆ ਜਾ ਰਿਹਾ ਹੈ, ਜੇਕਰ ਸਾਡੀ ਭਰਤੀ 12ਵੀਂ ਪਾਸ ਸੀ, ਹੁਣ ਤੱਕ ਸਰਕਾਰ ਨੇ ਪਿਛਲੇ ਚਾਰ ਸਾਲਾਂ ਵਿਚ ਨਵੀਂ ਪਾਲਿਸੀ ਕਿਉਂ ਨਹੀਂ ਬਣਾਈ | ਅਸੀਂ ਸਿੱਖਿਆ ਵਿਭਾਗ ਖ਼ਾਸ ਤੌਰ 'ਤੇ ਡੀ.ਪੀ.ਆਈ. (ਐਲੀਮੈਂਟਰੀ) ਅਤੇ ਸਿੱਖਿਆ ਸਕੱਤਰ ਦੇ ਧਿਆਨ ਵਿਚ ਇਹ ਗੱਲ ਬਹੁਤ ਵਾਰੀ ਲਿਆ ਚੁੱਕੇ ਹਾਂ ਕਿ ਸਾਡੇ ਕੋਲ ਛੋਟੇ ਡਿਪਲੋਮੇ ਤੋਂ ਲੈ ਕੇ ਉੱਚ ਡਿਗਰੀਆਂ ਪਈਆਂ ਹਨ | ਉਨ੍ਹਾਂ ਦੱਸਿਆ ਮੋਗਾ ਤੋਂ ਜਥੇਬੰਦੀ ਦੇ ਸਾਰੇ ਮੈਂਬਰ ਕਾਫ਼ਲਾ ਬਣਾ ਕੇ 5 ਫਰਵਰੀ ਨੂੰ ਮੋਹਾਲੀ ਲਈ ਰਵਾਨਾ ਹੋਣਗੇ | ਅਸੀਂ ਉਦੋਂ ਤੱਕ ਪਿੱਛੇ ਨਹੀਂ ਮੁੜਾਂਗੇ ਜਦੋਂ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ |