ਬਠਿੰਡਾ, 5 ਫਰਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ)-ਪੰਜਾਬ ਸਰਕਾਰ ਦੇ ਪੰਜਾਬ ਹੁਨਰ ਵਿਕਾਸ ਮਿਸ਼ਨ ਵਲੋਂ ਇੰਡੀਆ ਸਕਿੱਲਸ 2025 ਕੰਪੀਟੀਸ਼ਨ ਤਹਿਤ ਦਸੰਬਰ 2025 ਦੌਰਾਨ ਵੱਖ-ਵੱਖ ਟਰੇਡਾਂ ਅਧੀਨ ਰਾਜ ਪੱਧਰੀ ਸਕਿੱਲ ਮੁਕਾਬਲੇ ਕਰਵਾਏ ਗਏ ਸਨ | ਇਨ੍ਹਾਂ ਮੁਕਾਬਲਿਆਂ ਵਿਚ ਜ਼ਿਲ੍ਹਾ ਬਠਿੰਡਾ ਦੇ ਕੁੱਲ 08 ਸਿੱਖਿਆਰਥੀਆਂ ਨੇ ਪਹਿਲਾ ਅਤੇ ਦੂਜਾ ਸਥਾਨ ਹਾਸਲ ਕਰਕੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ | ਇਹ ਜੇਤੂ ਸਿਖਿਆਰਥੀ ਹੁਣ ਅਗਲੇ ਪੜਾਅ ਤਹਿਤ ਫਰਵਰੀ ਮਹੀਨੇ ਵਿਚ ਹੋਣ ਵਾਲੇ ਖੇਤਰੀ (ਰਿਜਨਲ) ਪੱਧਰ ਦੇ ਮੁਕਾਬਲਿਆਂ ਲਈ ਵੱਖ-ਵੱਖ ਰਾਜਾਂ ਵਿਚ ਭਾਗ ਲੈਣ ਜਾ ਰਹੇ ਹਨ | ਇਸ ਸਬੰਧ ਵਿਚ ਅੱਜ ਜ਼ਿਲ੍ਹਾ ਪਰਿਸ਼ਦ ਬਠਿੰਡਾ ਵਿਖੇ ਇਕ ਕੌਂਸਲਿੰਗ/ਮੋਟੀਵੇਸ਼ਨ ਸੈਸ਼ਨ ਦਾ ਆਯੋਜਨ ਕੀਤਾ ਗਿਆ, ਜਿਸ ਦੀ ਅਗਵਾਈ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਕੰਚਨ ਆਈ.ਏ.ਐੱਸ. ਵਲੋਂ ਕੀਤੀ ਗਈ | ਉਨ੍ਹਾਂ ਨੇ ਸੈਸ਼ਨ ਦੌਰਾਨ ਜੇਤੂ ਸਿਖਿਆਰਥੀਆਂ ਨੂੰ ਵਧਾਈ ਦਿੰਦਿਆਂ ਅਗਲੇ ਪੜਾਅ ਲਈ ਸ਼ੁੱਭ ਕਾਮਨਾਵਾਂ ਭੇਟ ਕੀਤੀਆਂ | ਉਨ੍ਹਾਂ ਕਿਹਾ ਕਿ ਸਿੱਖਿਆਰਥੀ ਆਪਣੇ-ਆਪਣੇ ਹੁਨਰ ਵਿਚ ਹੋਰ ਨਿਖਾਰ ਲਿਆਉਣ ਲਈ ਮੁਕਾਬਲਿਆਂ ਵਾਲੀਆਂ ਥਾਵਾਂ ਤੋਂ ਨਵੀਂਆਂ ਚੀਜ਼ਾਂ ਸਿੱਖਣ ਅਤੇ ਹਮੇਸ਼ਾਂ ਅੱਗੇ ਵੱਧਣ ਦੀ ਸੋਚ ਨਾਲ ਕੰਮ ਕਰਨ | ਉਨ੍ਹਾਂ ਜ਼ੋਰ ਦਿੱਤਾ ਕਿ ਹੁਨਰ ਵਿਚ ਨਿਰੰਤਰ ਵਿਕਾਸ ਲਈ ਲਗਾਤਾਰ ਸਿੱਖਣਾ ਬਹੁਤ ਜ਼ਰੂਰੀ ਹੈ ਤਾਂ ਜੋ ਨਿਰਧਾਰਿਤ ਟੀਚਿਆਂ ਨੂੰ ਪ੍ਰਾਪਤ ਕੀਤਾ ਜਾ ਸਕੇ | ਵਧੀਕ ਡਿਪਟੀ ਕਮਿਸ਼ਨਰ ਨੇ ਸਿਖਿਆਰਥੀਆਂ ਨੂੰ ਦੱਸਿਆ ਕਿ ਕਿਸੇ ਵੀ ਤਰ੍ਹਾਂ ਦੇ ਮਾਰਗ ਦਰਸ਼ਨ ਜਾਂ ਸਹਾਇਤਾ ਲਈ ਉਹ ਆਪਣੇ-ਆਪਣੇ ਟੀਮ ਲੀਡਰ ਨਾਲ ਸੰਪਰਕ ਕਰ ਸਕਦੇ ਹਨ | ਇਸ ਮੌਕੇ ਜ਼ਿਲ੍ਹਾ ਪ੍ਰੋਗਰਾਮ ਮੈਨੇਜਮੈਂਟ ਯੂਨਿਟ ਦੇ ਅਧਿਕਾਰੀ ਗਗਨ ਸ਼ਰਮਾ ਅਤੇ ਬਲਵੰਤ ਸਿੰਘ ਵੀ ਹਾਜ਼ਰ ਸਨ |