ਮਾਮਲਾ ਪਹੁੰਚਿਆ ਸਰਕਾਰੇ ਦਰਬਾਰੇ, ਕਮੇਟੀ ਨੇ ਦੋਸ਼ਾਂ ਨੂੰ ਨਕਾਰਿਆ
ਗੋਨਿਆਣਾ, 5 ਫਰਵਰੀ (ਲਛਮਣ ਦਾਸ ਗਰਗ): ਨਜ਼ਦੀਕੀ ਪਿੰਡ ਖੇਮੂਆਣਾ ਦੇ ਗੁਰੂਘਰ ਵਿਚ ਪਿੰਡ ਦੀ ਨਵ ਨਿਯੁਕਤ ਕਮੇਟੀ ਵਲੋਂ ਇੱਕ ਦਲਿਤ ਪਰਿਵਾਰ ਦੀ ਅਰਦਾਸ ਨਾ ਕਰਵਾਉਣ 'ਤੇ ਪਰਿਵਾਰਕ ਮੈਂਬਰਾਂ ਵਲੋਂ ਪਿੰਡ ਵਾਸੀਆਂ ਦੀ ਮੌਜੂਦਗੀ ਵਿਚ ਉਕਤ ਸਾਰਾ ਮਾਮਲੇ ਦੀ ਸਰਕਾਰੇ ਦਰਬਾਰੇ ਲਿਖਤੀ ਰੂਪ ਵਿਚ ਦਰਖਾਸਤ ਦੇ ਕੇ ਮੰਗ ਕੀਤੀ ਹੈ ਕਿ ਉਸ ਨੂੰ ਇਨਸਾਫ਼ ਦਿਵਾਇਆ ਜਾਵੇ | ਮਹਿੰਦਰ ਸਿੰਘ ਪੁੱਤਰ ਰੁਲਦੂ ਸਿੰਘ ਵਾਸੀ ਪਿੰਡ ਖੇਮੂਆਣਾ ਨੇ ਕਿਹਾ ਹੈ ਕਿ ਉਸ ਨੇ ਆਪਣੇ ਪਿੰਡ ਖੇਮੂਆਣਾ ਦੇ ਗੁਰੂ ਘਰ ਵਿਖੇ ਅੱਜ ਸਵੇਰੇ 6.30 ਵਜੇ ਦੇ ਕਰੀਬ ਆਪਣੇ ਪੁੱਤਰ ਮਨਦੀਪ ਸਿੰਘ ਫ਼ੌਜੀ ਦੀ ਤਰੱਕੀ ਹੋਣ ਦੀ ਖ਼ੁਸੀ ਵਿਚ ਅਰਦਾਸ ਕਰਵਾਉਣ ਲਈ ਗਿਆ ਸੀ | ਉਕਤ ਨੇ ਕਿਹਾ ਮੈਂ ਆਪਣੀ ਹੀ ਸ਼ਰਧਾ ਦੇ ਮੁਤਾਬਿਕ ਬਾਬਾ ਬਲਕੌਰ ਸਿੰਘ ਜੋ ਕਿ ਪਿੰਡ ਵਿਚ ਗੁਰੂਘਰ ਦੇ ਮੁੱਖ ਗ੍ਰੰਥੀ ਸਨ ਤੋਂ ਅਰਦਾਸ ਕਰਵਾਉਣਾ ਚਾਹੁੰਦਾ ਸੀ, ਜਿਸ ਨੂੰ ਪਿਛਲੇ 15-20 ਦਿਨਾਂ ਤੋਂ ਗੁਰੂ ਘਰ ਦੀ ਕਮੇਟੀ ਦੁਆਰਾ ਦਰਬਾਰ ਸਾਹਿਬ ਵਿਚੋਂ ਬਾਹਰ ਕੱਢ ਦਿੱਤਾ ਅਤੇ ਉਸ ਨੂੰ ਬਾਹਰ ਜਾਣ ਲਈ ਕਿਹਾ ਗਿਆ ਹੈ ਤਾਂ ਉਸ ਨੂੰ ਗੁਰੂ ਘਰ ਤੋਂ ਬਾਹਰ ਕੱਢਣ ਲਈ ਮਜਬੂਰ ਕਰ ਰਹੇ ਹਨ | ਮਹਿੰਦਰ ਸਿੰਘ ਨੇ ਕਿਹਾ ਕਿ ਜਦੋਂ ਮੈਂ ਬਾਬਾ ਬਲਕੌਰ ਸਿੰਘ ਤੋਂ ਅਰਦਾਸ ਕਰਵਾਉਣ ਲਈ ਇੱਛਾ ਜ਼ਾਹਿਰ ਕੀਤੀ ਤਾਂ ਸੁਰਜੀਤ ਸਿੰਘ (ਬਿੱਲੂ) ਜੋ ਕਿ ਸਰਪੰਚ ਰੁਪਿੰਦਰ ਕੌਰ ਪਿੰਡ ਖੇਮੂਆਣਾ ਦੇ ਘਰ ਬੈਠ ਕੇ ਪ੍ਰਧਾਨ ਬਣਾਇਆ ਹੋਇਆ ਹੈ, ਉਸ ਤੋਂ ਇਲਾਵਾ ਗੁਰਮੇਲ ਸਿੰਘ ਪੁੱਤਰ ਦਰਸ਼ਨ ਸਿੰਘ ਮਹਿਰਾ ਸਿੱਖ, ਸੁਖਦੇਵ ਸਿੰਘ ਪੁੱਤਰ ਸਿੰਘ ਜੱਗਰ ਸਿੰਘ, ਸੁਖਦੇਵ ਸਿੰਘ ਪੁੱਤਰ ਭੂਰੀ ਸਿੰਘ ਨੇ ਗੁਰੂਘਰ ਦੇ ਦਰਬਾਰ ਸਾਹਿਬ ਨੂੰ ਜਿੰਦਰਾ ਲਗਾ ਦਿੱਤਾ 'ਤੇ ਮੇਰੀ ਅਰਦਾਸ ਕਰਨ ਤੋਂ ਮਨਾ ਕਰ ਦਿੱਤਾ | ਮਹਿੰਦਰ ਸਿੰਘ ਨੇ ਲਿਖਤੀ ਦਰਖਾਸਤ ਵਿਚ ਅੱਗੇ ਕਿਹਾ ਕਿ ਇੱਥੇ ਹੀ ਬੱਸ ਨਹੀਂ ਉਪਰੋਕਤ ਨੇ ਮੈਨੂੰ ਜਾਤੀ ਸੂਚਕ ਸ਼ਬਦ ਵੀ ਬੋਲੇ ਅਤੇ ਮੈਨੂੰ ਗੁਰੂ ਘਰ ਤੋਂ ਬਾਹਰ ਕੱਢ ਦਿੱਤਾ, ਉਕਤ ਮਹਿੰਦਰ ਸਿੰਘ ਨੇ ਕਿਹਾ ਕਿ ਇਸ ਦਾ ਕਾਰਨ ਇਹ ਹੈ ਕਿ ਮੈਂ ਮਜ਼੍ਹਬੀ ਸਿੱਖ ਜਾਤੀ ਨਾਲ ਸਬੰਧ ਰੱਖਦਾ ਹਾਂ ਜਿਸ ਕਰਕੇ ਮੈਨੂੰ ਅਰਦਾਸ ਕਰਨ 'ਤੇ ਮਨਾ ਕਰ ਦਿੱਤਾ | ਉਕਤ ਦਰਖਾਸਤ ਰਾਹੀਂ ਜਯੋਤੀ ਯਾਦਵ ਐਸ.ਐਸ.ਪੀ ਬਠਿੰਡਾ ਅਤੇ ਪੂਨਮ ਸਿੰਘ ਐਡੀਸ਼ਨਲ ਡਿਪਟੀ ਕਮਿਸ਼ਨਰ ਬਠਿੰਡਾ ਕਾਨੰੂਨੀ ਕਾਰਵਾਈ ਦੀ ਮੰਗ ਕੀਤੀ ਹੈ ਤਾਂ ਕਿ ਅੱਗੇ ਤੋਂ ਕਿਸੇ ਵੀ ਜਾਤੀ ਜਾਂ ਧਾਰਮਿਕ ਬੇਅਦਬੀ ਦਾ ਮਸਲਾ ਨਾ ਬਣ ਜਾਵੇ | ਇੱਥੇ ਇਹ ਵੀ ਦੱਸਣਯੋਗ ਹੈ ਕਿ ਗੁਰੂਘਰ ਦੇ ਗ੍ਰੰਥੀ ਬਲਕੌਰ ਸਿੰਘ ਨੰੂ ਵੀ ਕਮੇਟੀ ਦੇ ਮੈਂਬਰਾਂ ਦੁਆਰਾ ਅਪਸ਼ਬਦਾਂ ਦੀ ਵਰਤੋਂ ਕੀਤੀ ਗਈ ਸੀ | ਇਸ ਇਸ ਮੌਕੇ ਉਸ ਦੇ ਨਾਲ ਗੁਰਪਿਆਰ ਸਿੰਘ ਪੰਚ, ਚਮਕੌਰ ਸਿੰਘ ਪੰਚ, ਚਰਨਜੀਤ ਕੌਰ ਪੰਚ, ਸੰਦੀਪ ਸਿੰਘ, ਅੰਗਰੇਜ਼ ਸਿੰਘ, ਰਜਿੰਦਰਪਾਲ ਸਿੰਘ ਰਿੰਕੂ (ਸਾਬਕਾ ਸਰਪੰਚ), ਮੰਦਰ ਸਿੰਘ, ਭੂਰੀ ਕੌਰ ਸਾਬਕਾ ਪੰਚ, ਮਨਜੀਤ ਕੌਰ, ਗੁਰਲੀਨ ਕੌਰ, ਮਨਜੀਤ ਕੌਰ, ਪਰਮਜੀਤ ਕੌਰ, ਸ਼ਿੰਦਰ ਕੌਰ, ਸੁਖਪਾਲ ਕੌਰ, ਮਨਜੀਤ ਕੌਰ, ਸ਼ਰਨਜੀਤ ਕੌਰ, ਅਮਨਪ੍ਰੀਤ ਕੌਰ ਸਮੇਤ ਅਨੇਕਾਂ ਔਰਤਾਂ ਮੌਜੂਦਾ ਪੰਚ ਅਤੇ ਪਰਿਵਾਰਕ ਮੈਂਬਰ ਮੌਜੂਦ ਸਨ | ਇਸ ਸੰਬੰਧੀ ਜਦੋਂ ਗੁਰੂਘਰ ਦੀ ਕਮੇਟੀ ਦੇ ਪ੍ਰਧਾਨ ਸੁਰਜੀਤ ਸਿੰਘ ਅਤੇ ਹੋਰ ਮੌਜੂਦ ਕਮੇਟੀ ਮੈਂਬਰਾਂ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਪਿੰਡ ਦੀ ਮੌਜੂਦਾ ਪੰਚਾਇਤ ਦੀ ਮੌਜੂਦਗੀ ਵਿਚ ਜੋ ਨਵ ਨਿਯੁਕਤ ਕਮੇਟੀ ਬਣਾਈ ਗਈ ਹੈ, ਉਹ ਗੁਰੂਘਰ ਵਿਚ ਹੀ ਬਣਾਈ ਗਈ ਹੈ ਅਤੇ ਅਰਦਾਸ ਕਰਨ ਦੇ ਮਾਮਲੇ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਉਕਤ ਗ੍ਰੰਥੀ ਬਲਕੌਰ ਸਿੰਘ ਨੂੰ ਕੁਝ ਦਿਨ ਪਹਿਲਾ ਤਖ਼ਤ ਸਾਹਿਬ ਦਮਦਮਾ ਸਾਹਿਬ ਵਲੋਂ ਜਾਰੀ ਹੁਕਮਾਂ ਅਨੁਸਾਰ ਗੁਰੂਘਰ ਵਿਚੋਂ ਕੱਢਿਆ ਹੋਇਆ ਹੈ, ਹੁਣ ਗੁਰੂਘਰ ਵਿਚ ਹੋਰ ਗ੍ਰੰਥੀ ਹਨ | ਉਨ੍ਹਾਂ ਤੋਂ ਖ਼ੁਸ਼ੀ ਗ਼ਮੀ ਅਰਦਾਸ ਕਰਵਾਈ ਜਾਵੇ | ਉਕਤ ਕਮੇਟੀ ਮੈਂਬਰਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਕਿਸੇ ਵੀ ਵਿਅਕਤੀ ਦੇ ਖ਼ਿਲਾਫ਼ ਕੋਈ ਜਾਤੀ ਸ਼ਬਦਾਵਲੀ ਦੀ ਵਰਤੋਂ ਨਹੀ ਕੀਤੀ ਗਈ | ਉਨ੍ਹਾਂ ਕਿਹਾ ਕਿ ਕੁਝ ਵਿਅਕਤੀ ਜਾਣ ਬੁਝ ਕਿ ਪਿੰਡ ਵਿਚ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਪਿੰਡ ਵਿਚ ਅਜਿਹਾ ਨਹੀ ਹੋਣ ਦਿੱਤਾ ਜਾਵੇਗਾ |
ਪਿੰਡ ਖੇਮੂਆਣਾ ਦੇ ਗੁਰੂਘਰ ਵਿਚ ਖ਼ੁੁਸ਼ੀ ਦੀ ਅਰਦਾਸ ਨਾ ਕਰਨ ਅਤੇ ਪਰਿਵਾਰ ਵਲੋਂ ਗੁਰੂਘਰ ਨੂੰ ਜਿੰਦਰਾ ਲਗਾਉਣ ਦੇ ਲਗਾਏ ਦੋਸ਼
ਅਜੀਤ ਡੈਸਕ
06-02-2026