ਸਕੂਲ ਮੈਨੇਜਮੈਂਟ ਅਤੇ ਪ੍ਰਬੰਧਕ ਕਮੇਟੀ ਇਕ ਦੂਜੇ ਖ਼ਿਲਾਫ਼ ਕਾਰਵਾਈ ਕਰਵਾਉਣ ਲਈ ਧਰਨੇ 'ਤੇ ਬੈਠੇ
ਬਠਿੰਡਾ, 5 ਫਰਵਰੀ (ਪੱਤਰ ਪ੍ਰੇਰਕ)-ਬਠਿੰਡਾ ਦੇ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਦੀ ਮੈਨੇਜਮੈਂਟ ਅਤੇ ਖ਼ਾਲਸਾ ਦੀਵਾਨ ਗੁਰਦੁਆਰਾ ਸਿੰਘ ਸਭਾ ਦੇ ਪ੍ਰਬੰਧਕ ਕਮੇਟੀ ਦਾ ਮਾਮਲਾ ਉਸ ਸਮੇਂ ਮੁੜ ਗਰਮਾ ਗਿਆ ਹੈ | ਜਦੋਂ ਪ੍ਰਬੰਧਕ ਕਮੇਟੀ ਮੈਂਬਰ ਸਕੂਲ 'ਚ ਪਿ੍ੰਸੀਪਲ ਦਫ਼ਤਰ ਵਿਖੇ ਪਹੁੰਚ ਕੇ ਪਿ੍ੰਸੀਪਲ ਤੋਂ ਸਕੂਲ ਦਾ ਹਿਸਾਬ ਲੈਣ ਲਈ ਪਹੁੰਚ ਗਏ | ਇਸ ਦੌਰਾਨ ਸਕੂਲ ਦੀ ਮੈਨੇਜਮੈਂਟ ਵਲੋਂ ਪ੍ਰਬੰਧਕ ਕਮੇਟੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ | ਇਸ ਮਾਮਲੇ ਦੀ ਸ਼ਿਕਾਇਤ ਥਾਣਾ ਕੋਤਵਾਲੀ ਦੇ ਐੱਸ.ਐੱਚ.ਓ ਪਰਵਿੰਦਰ ਸਿੰਘ ਨੂੰ ਮਿਲਣ ਉਪਰੰਤ ਉਹ ਆਪਣੀ ਟੀਮ ਸਮੇਤ ਮੌਕੇ 'ਤੇ ਪਹੁੰਚੇ | ਜਿੰਨ੍ਹਾਂ ਨੇ ਮਾਮਲੇ ਨੂੰ ਸ਼ਾਂਤ ਕਰਵਾਇਆ ਗਿਆ | ਇਸ ਮਾਮਲੇ ਸੰਬੰਧੀ ਖ਼ਾਲਸਾ ਦੀਵਾਨ ਸਿੰਘ ਸਭਾ ਦੇ ਪ੍ਰਧਾਨ ਹਰਦੀਪਕ ਸਿੰਘ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਦਾ ਪਿ੍ੰਸੀਪਲ ਜੋ ਅਨੇਕਾ ਦੋਸ਼ਾਂ ਦੇ ਮੱਦੇਨਜ਼ਰ ਸਸਪੈਂਡ ਕੀਤਾ ਹੋਇਆ ਹੈ | ਜੋ ਕਿ ਕਾਫੀ ਸਮੇਂ ਤੋਂ ਸਿਆਸੀ ਸਹਿ 'ਤੇ ਧੱਕੇ ਨਾਲ ਕਾਬਜ਼ ਹੋਇਆ ਬੈਠਾ ਹੈ | ਉਨ੍ਹਾਂ ਕਿਹਾ ਕਿ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਖ਼ਾਲਸਾ ਦੀਵਾਨ ਗੁਰਦੁਆਰਾ ਸਿੰਘ ਸਭਾ ਦੇ ਅਧੀਨ ਚੱਲਦਾ ਹੈ, ਪਰ ਪਿ੍ੰਸੀਪਲ ਵਲੋਂ ਲਗਾਤਾਰ ਪਿਛਲੇ ਲੰਬੇ ਸਮੇਂ ਤੋਂ ਉਨ੍ਹਾਂ ਨੂੰ ਸਕੂਲ ਦਾ ਕੋਈ ਵੀ ਹਿਸਾਬ ਨਹੀ ਦਿੱਤਾ ਜਾ ਰਿਹਾ, ਉਹ ਜਦੋਂ ਵੀ ਉਨ੍ਹਾਂ ਕੋਲੋਂ ਹਿਸਾਬ ਮੰਗਦੇ ਹਨ, ਤਾਂ ਸਕੂਲ ਦੀਆਂ ਅਧਿਆਪਕ ਔਰਤਾਂ ਨੂੰ ਅੱਗੇ ਕਰਕੇ ਜਾਣਬੁੱਝ ਕੇ ਮਾਹੌਲ ਨੂੰ ਖ਼ਰਾਬ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਅੱਜ ਉਨ੍ਹਾਂ ਦੀ ਪ੍ਰਬੰਧਕ ਕਮੇਟੀ ਮੁੜ ਸਕੂਲ ਦੇ ਪਿ੍ੰਸੀਪਲ ਜਗਤਾਰ ਸਿੰਘ ਕੋਲੋਂ ਸਕੂਲ ਦਾ ਹਿਸਾਬ ਲੈਣ ਲਈ ਆਏ ਸਨ, ਪਰ ਜਗਤਾਰ ਸਿੰਘ ਵਲੋਂ ਪ੍ਰਬੰਧਕ ਕਮੇਟੀ ਨਾਲ ਦੁਰਵਿਹਾਰ ਕਰਦੇ ਹੋਏ ਉਨ੍ਹਾਂ ਨੂੰ ਦਫ਼ਤਰ ਵਿਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਗਈ, ਇੱਥੋਂ ਤੱਕ ਕੀ ਸਕੂਲ ਦੀ ਮੈਨੇਜਮੈਂਟ ਦੀ ਇਕ ਔਰਤ ਵਲੋਂ ਉਨ੍ਹਾਂ ਦੇ ਨਾਲ ਆਏ ਕਮੇਟੀ ਮੈਂਬਰ ਦੀ ਬਾਹ ਫੜ ਕੇ ਪੁਲਿਸ ਮੁਲਾਜ਼ਮਾਂ ਦੇ ਸਾਹਮਣੇ ਧੱਕੇ ਮਾਰੇ ਗਏ ਹਨ | ਉਨ੍ਹਾਂ ਕਿਹਾ ਕਿ ਸਕੂਲ ਦੇ ਪਿ੍ੰਸੀਪਲ ਵਲੋਂ ਪਿਛਲੇ ਦਿਨੀਂ ਸ਼ਹਿਰ ਦੇ ਸਕੂਲਾਂ 'ਚ ਹੋਏ ਸਰਕਾਰੀ ਨੌਕਰੀ ਲਈ ਇਮਤਿਹਾਨ ਦੌਰਾਨ ਵੀ ਕੁਝ ਸਟਾਫ਼ ਤਰਫ਼ੋਂ ਹੇਰਾਫੇਰੀ ਕਰਨ ਅਤੇ ਆਪਣੇ ਚਹੇਤਿਆਂ ਨੂੰ ਨਕਲ ਕਰਵਾਉਣ ਦੇ ਅਰੋਪ ਲੱਗੇ ਹਨ | ਪੰਜਾਬ ਸਰਕਾਰ ਵਲੋਂ ਇਸ ਮਾਮਲੇ 'ਚ ਜਾਂਚ ਦੇ ਆਦੇਸ਼ ਦਿੱਤੇ ਹੋਏ ਹਨ | ਉਧਰ ਇਸ ਮਾਮਲੇ ਸੰਬੰਧੀ ਜਦੋਂ ਸਕੂਲ ਦੇ ਪਿ੍ੰਸੀਪਲ ਜਗਤਾਰ ਸਿੰਘ ਦਾ ਪੱਖ ਜਾਣਿਆ ਤਾਂ ਉਨ੍ਹਾਂ ਕਿਹਾ ਕਿ ਕਮੇਟੀ ਸਿੱਖਿਆ ਵਿਭਾਗ ਤੋਂ ਮਨਜ਼ੂਰ ਸ਼ੁਦਾ ਹੁੰਦੀ ਹੈ | ਸਾਲ 2022 ਤੋਂ ਕਮੇਟੀਆਂ ਦੇ ਰੋਲ਼ੇ ਕਾਰਨ ਉਨ੍ਹਾਂ ਦਾ ਕਰਾਸਪੋਂਡੇਂਟ ਜ਼ਿਲ੍ਹਾ ਸਿੱਖਿਆ ਅਫ਼ਸਰ ਹੈ | ਉਨ੍ਹਾਂ ਕਿਹਾ ਕਿ ਪ੍ਰਬੰਧਕ ਕਮੇਟੀ ਵਲੋਂ ਜਾਣਬੁੱਝ ਕੇ ਸਕੂਲ ਵਿਚ ਮਾਹੌਲ ਖ਼ਰਾਬ ਕਰਨ ਲਈ ਲਗਾਤਾਰ ਹੰਗਾਮਾ ਕੀਤਾ ਜਾ ਰਿਹਾ ਹੈ | ਜਿਸ ਦੀ ਸ਼ਿਕਾਇਤ ਉਨ੍ਹਾਂ ਵਲੋਂ ਡਿਪਟੀ ਕਮਿਸ਼ਨਰ ਨੂੰ ਦਿੱਤੀ ਗਈ ਸੀ | ਉਸ ਦੀ ਪੜਤਾਲ ਐਸ.ਪੀ ਸਿਟੀ, ਤਹਿਸੀਲਦਾਰ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਵਲੋਂ ਰਿਪੋਰਟ ਤਿਆਰ ਕਰਕੇ ਡੀਸੀ ਬਠਿੰਡਾ ਨੂੰ ਦਿੱਤੀ ਗਈ ਹੈ | ਜਿਸ ਦੀ 12 ਤਰੀਕ ਹੈ, ਪਰ ਹੁਣ ਜਾਣਬੱੁਝ ਕੇ ਕਮੇਟੀ ਵਲੋਂ ਗੁੰਡਾਗਰਦੀ ਕੀਤੀ ਗਈ ਹੈ | ਉਸ ਉੱਪਰ ਜੋ ਦੋਸ਼ ਲਗਾਏ ਜਾ ਰਹੇ ਹਨ, ਉਹ ਦੋਸ਼ ਬੇਬੁਨਿਆਦ ਹਨ |
ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਦੀ ਮੈਨੇਜਮੈਂਟ ਅਤੇ ਪ੍ਰਬੰਧਕ ਕਮੇਟੀ ਦਾ ਮਾਮਲਾ ਮੁੜ ਗਰਮਾਇਆ
ਅਜੀਤ ਡੈਸਕ
06-02-2026