ਬਠਿੰਡਾ, 5 ਫ਼ਰਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ)- ਜ਼ਿਲ੍ਹਾ ਪ੍ਰਸ਼ਾਸਨ ਬਠਿੰਡਾ ਵਲੋਂ 19ਵਾਂ ਵਿਰਾਸਤ ਮੇਲਾ ਵਿਰਾਸਤੀ ਪਿੰਡ ਜੈਪਾਲਗੜ੍ਹ ਵਿਖੇ 13 ਤੋਂ 15 ਮਾਰਚ ਤੱਕ ਕਰਵਾਇਆ ਜਾਵੇਗਾ | ਮੇਲੇ ਦੌਰਾਨ ਸੱਭਿਆਚਾਰਕ ਗਤੀਵਿਧੀਆਂ, ਪਤੰਗ ਬਾਜ਼ੀ, ਰਵਾਇਤੀ ਪਕਵਾਨ, ਲੋਕ ਨਾਚ ਆਦਿ ਦੇ ਨਾਲ-ਨਾਲ ਗਾਇਕ ਰਣਜੀਤ ਬਾਵਾ ਅਤੇ ਕੰਵਰ ਗਰੇਵਾਲ ਖਿੱਚ ਦਾ ਕੇਂਦਰ ਰਹਿਣਗੇ |
ਇਹ ਜਾਣਕਾਰੀ ਡਿਪਟੀ ਕਮਿਸ਼ਨਰ ਬਠਿੰਡਾ ਰਾਜੇਸ਼ ਧੀਮਾਨ ਨੇ ਮੇਲਾ ਸੰਬੰਧੀ ਬੁਲਾਈ ਵਿਸ਼ੇਸ਼ ਬੈਠਕ ਦੀ ਪ੍ਰਧਾਨਗੀ ਕਰਦਿਆਂ ਦਿੱਤੀ | ਉਨ੍ਹਾਂ ਦੱਸਿਆ ਕਿ ਇਸ ਸੱਭਿਆਚਾਰਕ ਮੇਲੇ ਦੌਰਾਨ ਪੰਜਾਬੀ ਸੱਭਿਆਚਾਰ, ਪੁਰਾਤਨ ਵਿਰਾਸਤ ਅਤੇ ਰਵਾਇਤਾਂ ਨੂੰ ਉਤਸ਼ਾਹਿਤ ਕਰਨ ਲਈ ਗਤੀਵਿਧੀਆਂ ਕਰਵਾਈਆਂ ਜਾਣਗੀਆਂ | ਮੇਲੇ 'ਚ ਰਵਾਇਤੀ ਖੇਡਾਂ, ਲੋਕ ਨਾਚ ਅਤੇ ਪੰਜਾਬੀ ਵਿਰਸੇ ਦੀਆਂ ਵੱਖ-ਵੱਖ ਵੰਨਗੀਆਂ ਪ੍ਰਦਰਸ਼ਿਤ ਕੀਤੀਆਂ ਜਾਣਗੀਆਂ |
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੇਲੇ 'ਚ ਹੋਰਨਾਂ ਸੂਬਿਆਂ ਤੋਂ ਵੀ ਸੱਭਿਆਚਾਰਕ ਟੀਮਾਂ ਨੂੰ ਇਸ ਸਮਾਗਮ 'ਚ ਭਾਗ ਲੈਣ ਲਈ ਨਿੱਘਾ ਸੱਦਾ ਦਿੱਤਾ ਦਿੱਤਾ ਜਾਵੇਗਾ | ਨਾਲ ਹੀ ਪਹਿਲਾਂ ਤੋਂ ਹੀ ਮੇਲੇ 'ਚ ਕਰਵਾਏ ਜਾਂਦੇ ਦਸਤੂਰਾਂ ਮੁਤਾਬਿਕ ਹੋਰ ਗਤੀਵਿਧੀਆਂ ਵੀ ਕੀਤੀਆਂ ਜਾਣਗੀਆਂ | ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੇਲੇ 'ਚ ਭਾਗ ਲੈਣ ਅਤੇ ਇਸ ਦਾ ਆਨੰਦ ਮਾਨਣ |
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਮੈਡਮ ਪੂਨਮ ਸਿੰਘ, ਉੱਪ ਮੰਡਲ ਮੈਜਿਸਟ੍ਰੇਟ ਬਠਿੰਡਾ ਬਲਕਰਨ ਸਿੰਘ, ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ ਅਭਿਨਵ ਗੋਇਲ, ਮੁੱਖ ਮੰਤਰੀ ਫ਼ੀਲਡ ਅਫ਼ਸਰ ਰਮਨਜੀਤ, ਡੀ.ਐੱਸ.ਪੀ ਕਰਮਜੀਤ ਸਿੰਘ, ਸਿਵਲ ਸਰਜਨ ਡਾ. ਤਪਿੰਦਰਜੋਤ ਕੌਸ਼ਲ, ਹਰਵਿੰਦਰ ਸਿੰਘ ਖ਼ਾਲਸਾ ਪ੍ਰਧਾਨ ਮਾਲਵਾ ਹੈਰੀਟੇਜ ਅਤੇ ਸੱਭਿਆਚਾਰਕ ਫਾਊਾਡੇਸ਼ਨ, ਮੇਲਾ ਕਮੇਟੀ ਚੇਅਰਮੈਨ ਚਮਕੌਰ ਸਿੰਘ ਮਾਨ, ਕਨਵੀਨਰ ਰਾਮ ਪ੍ਰਕਾਸ਼ ਜਿੰਦਲ, ਗੁਰਅਵਤਾਰ ਸਿੰਘ ਗੋਗੀ, ਜਗਜੀਤ ਸਿੰਘ ਧਨੌਲਾ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਆਦਿ ਹਾਜ਼ਰ ਸਨ |
ਜੈਪਾਲਗੜ੍ਹ ਵਿਖੇ 19ਵਾਂ ਵਿਰਾਸਤ ਮੇਲਾ 13 ਤੋਂ 15 ਮਾਰਚ ਤੱਕ ਕਰਵਾਇਆ ਜਾਵੇਗਾ- ਡੀਸੀ ਧੀਮਾਨ ਮੇਲੇ ਸੰਬੰਧੀ ਤਿਆਰੀਆਂ ਲਈ ਕੀਤੀ ਗਈ ਵਿਸ਼ੇਸ਼ ਬੈਠਕ
ਅਜੀਤ ਡੈਸਕ
06-02-2026