ਬਠਿੰਡਾ, 5 ਫਰਵਰੀ (ਸੱਤਪਾਲ ਸਿੰਘ ਸਿਵੀਆਂ)- ਪਿਛਲੇ 10 ਮਹੀਨਿਆਂ ਤੋਂ ਬਠਿੰਡਾ ਜੇਲ੍ਹ 'ਚ ਬੰਦ ਕਿਸਾਨ ਆਗੂ ਬਲਦੇਵ ਸਿੰਘ ਚਾਉਕੇ ਅਤੇ ਸ਼ਗਨਦੀਪ ਸਿੰਘ ਜਿਉਂਦ ਦੀ ਰਿਹਾਈ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨੇ ਅੱਜ ਤੋਂ ਬਠਿੰਡਾ 'ਚ ਡੀ.ਸੀ. ਦਫ਼ਤਰ ਸਾਹਮਣੇ ਪੱਕਾ ਮੋਰਚਾ ਲਗਾਉਣ ਦਾ ਐਲਾਨ ਕੀਤਾ ਹੈ, ਜਿਸ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਤਰੇਲੀਆਂ ਲਿਆਂਦੀਆਂ ਹੋਈਆਂ ਹਨ ਤੇ ਪ੍ਰਸ਼ਾਸਨ ਕਿਸਾਨਾਂ ਨੂੰ ਮਨਾਉਣ 'ਤੇ ਲੱਗਿਆ ਹੋਇਆ |
ਅੱਜ ਡਿਪਟੀ ਕਮਿਸ਼ਨਰ, ਡੀ.ਆਈ.ਜੀ., ਐਸ.ਐਸ.ਪੀ. ਅਤੇ ਖੂਫੀਆ ਵਿੰਗ ਦੇ ਡੀ.ਆਈ.ਜੀ. ਵਲੋਂ ਜਥੇਬੰਦੀ ਦੇ ਸੂਬਾ ਸੀਨੀਅਰ ਉੱਪ-ਪ੍ਰਧਾਨ ਝੰਡਾ ਸਿੰਘ ਜੇਠੂਕੇ ਅਤੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਨੂੰ ਸੱਦ ਕੇ ਉਨ੍ਹਾਂ ਨਾਲ ਮੀਟਿੰਗ ਕੀਤੀ ਗਈ ਪਰ ਗੱਲ ਕਿਸੇ ਤਣ-ਪੱਤਣ ਨਹੀਂ ਲੱਗ ਸਕੀ | ਕਿਸਾਨਾਂ ਨੂੰ ਮਨਾਉਣ ਦੇ ਉਪਰਾਲੇ ਬੀਤੀ ਦੇਰ ਰਾਤ ਤੋਂ ਹੀ ਜਾਰੀ ਹਨ | ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਜਥੇਬੰਦੀ ਦੀ ਇਕੋ-ਇਕ ਮੰਗ ਉਕਤ ਕਿਸਾਨ ਆਗੂਆਂ ਦੀ ਜੇਲ੍ਹ 'ਚੋਂ ਰਿਹਾਈ ਹੈ, ਜਿਸ 'ਤੇ ਪ੍ਰਸ਼ਾਸਨ ਨੇ ਮੀਟਿੰਗ 'ਚ ਕੋਈ ਪੱਲਾ ਨਹੀਂ ਫੜਾਇਆ ਤੇ ਅੱਜ ਮੁੜ ਦੁਬਾਰਾ ਮੀਟਿੰਗ ਸੱਦੀ ਹੈ | ਇਸ ਮੀਟਿੰਗ ਦੇ ਚੱਲਦਿਆਂ ਇਕ ਵਾਰ ਜਥੇਬੰਦੀ ਦਾ ਸੂਬਾ ਪੱਧਰਾ ਇਕੱਠ ਅੱਜ ਪਿੰਡ ਭੁੱਚੋ ਖ਼ੁਰਦ ਵਿਖੇ ਸੱਦਿਆ ਪਰ ਜੇਕਰ ਮੀਟਿੰਗ 'ਚ ਪ੍ਰਸ਼ਾਸਨ ਨੇ ਕਿਸਾਨ ਆਗੂਆਂ ਦੀ ਰਿਹਾਈ ਸਬੰਧੀ ਟਾਲ-ਮਟੋਲ ਕੀਤੀ ਤਾਂ ਤੁਰੰਤ ਪ੍ਰਭਾਵ ਨਾਲ ਡੀ.ਸੀ. ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ ਤੇ ਪੱਕਾ ਮੋਰਚਾ ਲਗਾਇਆ ਜਾਵੇਗਾ, ਜਿਸ ਦੀ ਪੱਕੀ ਤਿਆਰੀ ਹੈ |
ਬਠਿੰਡਾ 'ਚ ਅੱਜ ਲੱਗਣ ਵਾਲੇ ਪੱਕੇ ਕਿਸਾਨ ਮੋਰਚੇ ਨੇ ਸਰਕਾਰ ਤੇ ਪ੍ਰਸ਼ਾਸਨ ਨੂੰ ਲਿਆਂਦੀਆਂ 'ਤਰੇਲੀਆਂ'
ਅਜੀਤ ਡੈਸਕ
06-02-2026