ਰਾਮਪੁਰਾ ਫੂਲ, 5 ਫਰਵਰੀ (ਹੇਮੰਤ ਕੁਮਾਰ ਸ਼ਰਮਾ)-ਲਾਲਾ ਕਸਤੂਰੀ ਲਾਲ ਸਰਵਹਿੱਤਕਾਰੀ ਸੀਨੀਅਰ ਸੈਕੰਡਰੀ ਵਿਦਿਆ ਮੰਦਰ ਵਿਚ ਪਲਸ ਪੋਲੀਓ ਮੁਹਿੰਮ ਦੇ ਤਹਿਤ 3 ਪੀ. ਬੀ. ਨਵਲ ਯੂਨਿਟ, ਬਠਿੰਡਾ ਦੇ ਐਨ. ਸੀ. ਸੀ. ਕੈਡਿਟਾਂ ਦੁਆਰਾ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ | ਇਸ ਗਤੀਵਿਧੀ ਦਾ ਉਦੇਸ਼ ਬੱਚਿਆਂ ਅਤੇ ਆਮ ਜਨਤਾ ਨੂੰ ਪੋਲੀਓ ਪ੍ਰਤੀ ਜਾਗਰੂਕ ਕਰਨਾ ਅਤੇ 'ਦੋ ਬੂੰਦਾਂ ਜ਼ਿੰਦਗੀ ਦੀਆਂ' ਸੰਦੇਸ਼ ਨੂੰ ਘਰ-ਘਰ ਤੱਕ ਪਹੁੰਚਾਉਣਾ ਸੀ | ਇਸ ਮੁਕਾਬਲੇ ਦਾ ਸਫ਼ਲ ਆਯੋਜਨ ਸੀ.ਟੀ.ਓ. ਮੋਹਦੀਪ ਦੀ ਅਗਵਾਈ ਵਿਚ ਕੀਤਾ ਗਿਆ | ਪ੍ਰੋਗਰਾਮ ਪਿ੍ੰਸੀਪਲ ਸੰਜੀਵ ਕੁਮਾਰ ਸ਼ਰਮਾ ਦੇ ਮਾਰਗਦਰਸ਼ਨ ਹੇਠ ਸੰਪੰਨ ਹੋਇਆ | ਕੈਡਿਟਾਂ ਨੇ ਆਪਣੇ ਰਚਨਾਤਮਕ ਪੋਸਟਰਾਂ ਰਾਹੀਂ ਪੋਲੀਓ ਖ਼ਤਮ ਕਰਨ ਦਾ ਜ਼ੋਰਦਾਰ ਸੰਦੇਸ਼ ਦਿੱਤਾ | ਪੋਸਟਰਾਂ ਵਿਚ ਬੱਚਿਆਂ ਦੇ ਤੰਦਰੁਸਤ ਭਵਿੱਖ, ਸਮੇਂ ਸਿਰ ਪੋਲੀਓ ਬੂੰਦਾਂ ਪਿਲਾਉਣ ਅਤੇ ਪੋਲੀਓ ਮੁਕਤ ਭਾਰਤ ਦੇ ਮਹੱਤਵ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਦਰਸਾਇਆ ਗਿਆ | ਸਕੂਲ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਪ੍ਰੇਮ ਪ੍ਰਕਾਸ਼ ਅਤੇ ਮੈਨੇਜਰ ਗੁਰਪ੍ਰੀਤ ਸਿੰਘ ਨੇ ਸਾਰੇ ਭਾਗ ਲੈਣ ਵਾਲੇ ਕੈਡਿਟਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਵਿਦਿਆਰਥੀਆਂ ਵਿਚ ਸਮਾਜਿਕ ਜਾਗਰੂਕਤਾ, ਰਚਨਾਤਮਕਤਾ ਅਤੇ ਰਾਸ਼ਟਰ ਸੇਵਾ ਦੀ ਭਾਵਨਾ ਨੂੰ ਉਤਸ਼ਾਹਿਤ ਕਰਦੀਆਂ ਹਨ |