ਨਥਾਣਾ, 5 ਫਰਵਰੀ (ਗੁਰਦਰਸ਼ਨ ਲੁੱਧੜ): ਪਿਛਲੇ ਮਹੀਨਿਆਂ ਦੌਰਾਨ ਨਵੇਂ ਉਸਾਰੇ ਗਏ ਢਿਪਾਲੀ ਰਜਵਾਹੇ ਦੀ ਟੇਲ ਅਤੇ ਟੇਲ 'ਚੋਂ ਨਿਕਲਦੀ ਗੰਗਾ ਮਾਈਨਰ ਦੀ ਉਸਾਰੀ ਦੇ ਮਿਆਰ 'ਤੇ ਉਗਲ ਉੱਠਣੀ ਸ਼ੁਰੂ ਹੋ ਗਈ ਹੈ | ਉਕਤ ਰਜਵਾਹੇ ਅਤੇ ਮਾਈਨਰ ਵਿਚ ਅਜੇ ਤੱਕ ਪਾਣੀ ਵੀ ਨਹੀਂ ਛੱਡਿਆ ਗਿਆ, ਪਰ ਰਜਵਾਹੇ ਅਤੇ ਮਾਈਨਰ ਦੀਆਂ ਕੰਧਾਂ ਨੂੰ ਗਿੱਲਾ/ਤਰ ਰੱਖਣ ਲਈ ਆਸ-ਪਾਸ ਦੀਆਂ ਟਿਊਬਵੈੱਲ ਮੋਟਰਾਂ ਦਾ ਪਾਣੀ ਬਹੁਤ ਥੋੜੀ ਮਾਤਰਾ ਵਿਚ ਹੀ ਮਾਈਨਰ ਵਿਚ ਛਿੜਕਾਇਆ ਗਿਆ ਸੀ, ਜਿਸ ਕਾਰਨ ਮਾਈਨਰ ਦਾ ਤਕਰੀਬਨ 20 ਫੁੱਟ ਹਿੱਸਾ ਪਾਟ ਗਿਆ | ਕਿਸਾਨਾਂ ਦੇ ਦੱਸਣ ਮੁਤਾਬਿਕ ਮਾਈਨਰ ਵਿਚ ਕੀਤੀ ਗਈ ਉਸਾਰੀ ਜਾਂ ਤਾਂ ਸਮੱਗਰੀ ਦੇ ਮਿਆਰ ਪੱਖੋਂ ਖਰੀ ਨਹੀਂ ਸੀ ਜਾਂ ਤਕਨੀਕ ਪੱਖੋਂ ਕੋਈ ਖਾਮਾ ਰਹਿ ਗਈ, ਜਿਸ ਕਰਕੇ ਬਹੁਤ ਥੋੜੇ ਪਾਣੀ ਨਾਲ ਹੀ ਮਾਈਨਰ ਦਾ ਉਕਤ ਹਿੱਸਾ ਟੁੱਟ ਗਿਆ ਹੈ ਅਤੇ ਇੱਕ ਥਾਂ 'ਤੇ ਵੱਡੀ ਤਰੇੜ ਵੀ ਵੇਖਣ ਨੂੰ ਮਿਲ ਰਹੀ ਹੈ | ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂਆਂ ਨੇ ਪੱਤਰਕਾਰਾਂ ਨੂੰ ਉਕਤ ਟੇਲ ਦਾ ਮੌਕਾ ਵਿਖਾਉਂਦਿਆਂ ਦੱਸਿਆ ਕਿ ਨਵੀਂ ਉਸਾਰੀ ਗਈ ਮਾਈਨਰ ਕੰਧਾਂ ਗਿੱਲੀਆਂ ਕਰਨ ਵਾਲੇ ਪਾਣੀ ਨਾਲ ਹੀ ਜੇਕਰ ਟੁੱਟਣ ਲੱਗ ਗਈ ਹੈ ਤਾਂ ਫਿਰ ਜਦੋਂ ਉਕਤ ਮਾਈਨਰ ਵਿਚ ਪੂਰਾ ਪਾਣੀ ਛੱਡਿਆ ਗਿਆ ਤਾਂ ਇਸ ਦੀ ਹੰਢਣਸਾਰਤਾ ਭਰੋਸੇਯੋਗ ਰਹਿਣ ਦੀ ਕੋਈ ਸੰਭਾਵਨਾ ਨਹੀਂ ਹੈ | ਕਿਸਾਨ ਆਗੂਆਂ ਨੇ ਜ਼ਿਲ2ਾ ਪ੍ਰਸ਼ਾਸਨ ਅਤੇ ਸਿੰਚਾਈ ਵਿਭਾਗ ਦੇ ਸਕੱਤਰ ਤੋਂ ਮੰਗ ਕੀਤੀ ਹੈ ਕਿ ਉਕਤ ਮਾਈਨਰ ਵਿਚ ਵਰਤੀ ਗਈ ਸਮਗਰੀ ਦੀ ਬਰੀਕੀ ਨਾਲ ਜਾਂਚ ਕੀਤੀ ਜਾਵੇ | ਪੱਤਰਕਾਰਾਂ ਵਲੋਂ ਇਸ ਸੰਬੰਧੀ ਜਦੋਂ ਸਿੰਚਾਈ ਵਿਭਾਗ ਦੇ ਸਬੰਧਿਤ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ2ਾਂ ਕਿਹਾ ਕਿ ਥੋੜੇ ਹਿੱਸੇ ਵਿਚ ਹੀ ਇਹ ਮਾਈਨਰ ਪਾਣੀ ਦੇ ਦਬਾਅ ਕਾਰਨ ਟੁੱਟਣ ਦਾ ਕਾਰਨ ਬਣਿਆ ਹੈ, ਪਰ ਉਹ ਇਸ ਉੱਪਰ ਪੂਰੀ ਨਜ਼ਰਸਾਨੀ ਕਰ ਰਹੇ ਹਨ | ਆਮ ਲੋਕਾਂ ਵਲੋਂ ਨਵੇਂ ਉਸਾਰੇ ਗਏ ਢਿਪਾਲੀ ਰਜਵਾਹੇ ਦੀਆਂ ਪਟੜੀਆਂ ਉੱਪਰ ਪੁਰਾਣੇ ਢਾਹੇ ਗਏ ਰਜਵਾਹੇ ਦਾ ਮਲਬਾ ਸੁੱਟਣ ਦੇ ਮਾਮਲੇ 'ਤੇ ਵੀ ਪੂਰਾ ਇਤਰਾਜ਼ ਵੇਖਣ ਨੂੰ ਮਿਲ ਰਿਹਾ ਹੈ |