ਬਠਿੰਡਾ, 27 ਫ਼ਰਵਰੀ (ਵੀਰਪਾਲ)-ਸੋਸ਼ਲ ਮੀਡੀਆ ਰਾਹੀ ਪੰਜਾਬ 'ਚ ਹਥਿਆਰਾਂ ਦਾ ਪ੍ਰਚਾਰ ਕਰਨ ਵਾਲੇ ਇੱਕ ਨੌਜਵਾਨ ਨੂੰ ਬਠਿੰਡਾ ਪੁਲਿਸ ਵਲੋਂ ਵਿਦੇਸ਼ੀ ਅਸਲੇ ਸਮੇਤ ਗਿ੍ਫ਼ਤਾਰ ਕੀਤਾ ਗਿਆ ਹੈ | ਇਸ ਮਾਮਲੇ ਦੀ ਜਾਂਚ ਕਰ ਰਹੇ ਡੀ.ਐਸ.ਪੀ ਸੰਦੀਪ ਸਿੰਘ ਭਾਟੀ ਵਲੋਂ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਲੰਘੇ ਬੀਤੇ ਦਿਨ ਥਾਣਾ ਸਿਵਲ ਲਾਈਨ ਪੁਲਿਸ ਵਲੋਂ ਭਾਗੂ ਰੋਡ ਤੋਂ ਗਿ੍ਫ਼ਤਾਰ ਕੀਤੇ ਗਏ ਨੌਜਵਾਨ ਮਨਿੰਦਰ ਸਿੰਘ ਵਾਸੀ ਪਿੰਡ ਰਾਜਗੜ੍ਹ ਕੱਬੇ, ਤਹਿਸੀਲ ਮੌੜ ਨੂੰ 9 ਪਿਸਤੌਲਾਂ ਸਮੇਤ ਮੈਗਜ਼ੀਨ ਅਤੇ 2 ਵਾਧੂ ਮੈਗਜ਼ੀਨ ਬਰਾਮਦ ਕੀਤੇ ਗਏ ਸਨ | ਗਿ੍ਫ਼ਤਾਰ ਕੀਤੇ ਗਏ ਨੌਜਵਾਨ ਤੋਂ ਪੁਲਿਸ ਜਾਂਚ ਦੌਰਾਨ ਅਹਿਮ ਖ਼ੁਲਾਸੇ ਸਾਹਮਣੇ ਆਏ ਹਨ ਕਿ ਗਿ੍ਫ਼ਤਾਰ ਕੀਤਾ ਗਿਆ ਨੌਜਵਾਨ ਸੋਸ਼ਲ ਮੀਡੀਆ 'ਤੇ ਹਥਿਆਰਾਂ ਦਾ ਪ੍ਰਚਾਰ ਕਰ ਰਿਹਾ ਸੀ | ਉਕਤ ਵਿਅਕਤੀ ਨੂੰ ਵਿਦੇਸ਼ ਵਿਚ ਬੈਠੇ ਕਿਸੇ ਅਣਪਛਾਤੇ ਵਿਅਕਤੀ ਦੀ ਕਾਲ ਆਈ ਅਤੇ ਫ਼ੋਨ 'ਤੇ ਹੀ ਨੌਜਵਾਨ ਨੂੰ 50 ਹਜ਼ਾਰ ਰੁਪਏ ਬਦਲੇ ਹਥਿਆਰ ਸਪਲਾਈ ਕਰਨ ਦਾ ਆਦੇਸ਼ ਦਿੱਤਾ ਗਿਆ | ਪੁਲਿਸ ਵਲੋਂ ਇਸ ਮਾਮਲੇ ਦੀ ਜਾਂਚ ਬਾਰੀਕੀ ਨਾਲ ਕੀਤੀ ਜਾ ਰਹੀ ਹੈ | ਪੁਲਿਸ ਜਾਂਚ ਤੋਂ ਬਾਅਦ ਪਤਾ ਚੱਲੇਗਾ ਕਿ ਬਰਾਮਦ ਕੀਤੇ ਗਏ ਹਥਿਆਰ ਕਿੱਥੇ ਸਪਲਾਈ ਕਰਨੇ ਸਨ | ਵਰਨਣਯੋਗ ਹੈ ਕਿ ਪੰਜਾਬ ਦੇ ਮੌਜੂਦਾ ਹਾਲਾਤ ਨੂੰ ਵੇਖਦਿਆ ਇੰਨ੍ਹੀ ਭਾਰੀ ਮਾਤਰਾ ਵਿਚ ਪੰਜਾਬ 'ਚ ਵਿਦੇਸ਼ੀ ਹਥਿਆਰਾਂ ਦੀ ਸਪਲਾਈ ਦਾ ਹੋਣਾ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰਦੀ ਹੈ | ਪੰਜਾਬ ਦੇ ਮੋਗਾ ਵਿਚ ਨੈਸ਼ਨਲ ਪਾਰਟੀਆਂ ਕਾਂਗਰਸ ਅਤੇ ਭਾਜਪਾ ਦੀਆਂ ਹੋਣ ਜਾ ਰਹੀਆਂ ਮਹਾਂ ਰੈਲੀਆਂ ਦੀ ਸੁਰੱਖਿਆ ਨੂੰ ਲੈ ਕੇ ਪੰਜਾਬ ਪੁਲਿਸ ਲਈ ਕਈ ਤਰ੍ਹਾਂ ਦੀਆਂ ਚਿੰਤਾਵਾਂ ਖੜੀਆਂ ਹੁੰਦੀਆਂ ਹੋਈਆਂ ਵਿਖਾਈ ਦੇ ਰਹੀਆਂ ਹਨ |