ਬਠਿੰਡਾ, 27 ਫਰਵਰੀ (ਸੱਤਪਾਲ ਸਿੰਘ ਸਿਵੀਆਂ)-ਪੰਜਾਬ ਅੰਦਰ ਸਿਆਸੀ ਬਦਲਾਖੋਰੀ ਇਸ ਹੱਦ ਤੱਕ ਵਧ ਚੁੱਕੀ ਹੈ ਕਿ ਹੁਣ ਸੱਤਾਧਾਰੀ ਧਿਰ ਨੂੰ ਆਪਣੇ ਸਿਆਸੀ ਵਿਰੋਧੀਆਂ ਖਾਸਕਰ ਬਾਦਲਾਂ ਦੇ ਨਾਂਅ ਤੋਂ ਸਭ ਤੋਂ ਵੱਧ ਘਬਰਾਹਟ ਹੋਣ ਲੱਗੀ ਹੈ, ਜਿਸ ਦੇ ਚੱਲਦਿਆਂ ਬਾਦਲਾਂ ਨਾਲ ਨੇੜਤਾ ਕਰਨ ਵਾਲੇ ਅਤੇ ਆਪਣੇ ਗਾਣਿਆਂ ਵਿਚ ਬਾਦਲਾਂ ਦਾ ਗੁਣਗਾਣ ਕਰਨ ਵਾਲੇ ਗਾਇਕ ਸਰਕਾਰ ਦੇ ਨਿਸ਼ਾਨੇ 'ਤੇ ਹਨ | ਜਿੱਥੇ ਪਿਛਲੇ ਦਿਨੀਂ ਸੁਖਬੀਰ ਸਿੰਘ ਬਾਦਲ ਨਾਲ ਮਿਲਣ 'ਤੇ ਗਾਇਕ ਗਿੱਪੀ ਗਰੇਵਾਲ ਅਤੇ ਬਿਕਰਮ ਸਿੰਘ ਮਜੀਠੀਆ 'ਤੇ ਬੋਲੀ ਪਾਉਣ ਵਾਲੇ ਗਾਇਕ ਜੌਰਡਨ ਸੰਧੂ ਦੀ ਸੁਰੱਖਿਆ ਵਾਪਸ ਲੈ ਲਈ ਹੈ, ਉੱਥੇ ਹੁਣ ਗਾਇਕ ਰਮਨ ਲਖੇਸਰ ਦੇ ਚਰਚਿਤ ਗੀਤ 'ਮਾਈ ਵਰਲਡ-2' ਵਿਚੋਂ 'ਜਾਣ ਦਾ ਨਿਆਣਾ ਕੀ ਸਿਆਣਾ ਬੱਲੀਏ, ਬਾਦਲਾਂ ਦਾ ਗੜ੍ਹ ਥਾਣਾ ਲੰਬੀ ਬੱਲੀਏ' ਵਾਲੇ ਬੋਲਾਂ ਨੂੰ ਹਟਵਾ ਦਿੱਤਾ ਗਿਆ ਹੈ, ਇਸ ਗੀਤ 'ਚ ਹੁਣ ਬਾਦਲਾਂ ਵਾਲੇ ਉਕਤ ਬੋਲ ਸੁਣਨ ਨੂੰ ਨਹੀਂ ਮਿਲਦੇ | ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੇ ਉਕਤ ਗੀਤ 'ਚੋਂ 'ਬਾਦਲਾਂ' ਨਾਲ ਸਬੰਧਤ ਲਾਇਨ ਹਟਾਉਣ ਦੇ ਪੰਜਾਬ ਸਰਕਾਰ 'ਤੇ ਦੋਸ਼ ਮੜ੍ਹਦੇ ਹੋਏ ਕਿਹਾ ਕਿ ਸਰਕਾਰ ਗਾਣੇ 'ਚੋਂ ਤਾਂ ਬਾਦਲਾਂ ਵਾਲੀ ਲਾਈਨ ਕਟਵਾ ਸਕਦੀ ਹੈ ਪਰ ਲੋਕਾਂ ਦੇ ਦਿਲਾਂ 'ਚੋਂ ਨਹੀਂ | ਉਨ੍ਹਾਂ ਕਿਹਾ ਕਿ ਮਾਨ ਸਰਕਾਰ ਇਕ ਗਾਣੇ 'ਚ ਬਾਦਲਾਂ ਬਾਰੇ ਗਾਈ ਲਾਈਨ ਤੋਂ ਐਨੀ ਡਰ ਗਈ ਹੈ ਕਿ ਉਸ ਨੂੰ ਲੋਕਾਂ ਦੇ ਵਿਆਹ-ਸ਼ਾਦੀਆਂ ਵਿਚ ਵੱਜਣ ਤੋਂ ਰੋਕਿਆ ਗਿਆ ਪਰ ਇਹ ਗਾਣਾ ਤਾਂ ਹੁਣ ਲੋਕਾਂ ਵਿਚ ਅਈਾ ਵੱਜੂ | ਸਰਕਾਰ ਇਸ ਗਾਣੇ 'ਚ ਬਾਦਲਾਂ ਦੀ ਦਰਸਾਈ ਚੌਧਰ ਤੋਂ ਖਫਾ ਦੱਸੀ ਜਾ ਰਹੀ ਹੈ, ਜਿਸ ਲਈ ਸਬੰਧਤ ਮਿਉਜ਼ਿਕ ਕੰਪਨੀ ਨੂੰ ਘੁਰਕੀ ਦੇ ਕੇ ਉਕਤ ਪੰਕਤੀ ਹਟਵਾਈ ਦੱਸੀ ਜਾ ਰਹੀ ਹੈ | ਇਹ ਵੀ ਚਰਚਾ ਹੈ ਕਿ ਅਗਲਾ ਨਿਸ਼ਾਨਾ ਗਾਇਕ ਵੀਤ ਬਲਜੀਤ ਦਾ 'ਨਿਸ਼ਾਨੇ' ਗੀਤ ਹੋ ਸਕਦਾ, ਜਿਸ ਵਿਚ 'ਬਾਦਲਾਂ ਅਤੇ ਡਾਇਨਾਸੁਰ' ਦੀ ਆਮਦ ਦਾ ਸੁਨੇਹਾ ਦਿੰਦੇ ਹੋਏ 'ਡਾਇਨਾਸੁਰ ਆਗੇ ਤੇਰੇ ਸ਼ਹਿਰ ਨੀ, ਚੜੀ ਆਉਂਦੀ ਬਾਦਲਾਂ ਦੀ ਲਹਿਰ ਨੀ' ਵਾਲੀ ਪੰਕਤੀ ਗਾਈ ਹੈ | ਇਹ ਗੀਤ ਵੀ ਅਕਾਲੀ ਸਫ਼ਾਂ 'ਚ ਧੜੱਲੇ ਨਾਲ ਵੱਜ ਰਿਹੈੇ |