ਮਾਨਸਾ, 9 ਮਾਰਚ (ਬਲਵਿੰਦਰ ਸਿੰਘ ਧਾਲੀਵਾਲ)- ਜ਼ਿਲਾ ਪ੍ਰਸ਼ਾਸਨ ਵਲੋਂ ਸਥਾਨਕ ਨਵੀਂ ਅਨਾਜ ਮੰਡੀ ਵਿਖੇ 13 ਤੋਂ 22 ਮਾਰਚ ਤੱਕ ਲਗਵਾਏ ਜਾ ਰਹੇ ਸਰਸ ਮੇਲੇ ਦੀਆਂ ਤਿਆਰੀਆਂ ਜ਼ੋਰਾਂ 'ਤੇ ਹਨ | ਇਸੇ ਦੇ ਮੱਦੇਨਜ਼ਰ ਨਵਜੋਤ ਕੌਰ ਡਿਪਟੀ ਕਮਿਸ਼ਨਰ ਮਾਨਸਾ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ | ਉਨ੍ਹਾਂ ਹਦਾਇਤ ਕੀਤੀ ਕਿ ਸਾਰੇ ਅਧਿਕਾਰੀ ਤੇ ਕਰਮਚਾਰੀ ਡਿਊਟੀ ਤਨਦੇਹੀ ਨਾਲ ਨਿਭਾਉਣ | ਉਨ੍ਹਾਂ ਨਾਲ ਹੀ ਆਖਿਆ ਕਿ ਅਣਗਹਿਲੀ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ | ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਰਸ ਮੇਲੇ 'ਚ ਦੇਸ਼ ਭਰ ਤੋਂ ਵੱਡੀ ਗਿਣਤੀ ਵਿਚ ਸ਼ਿਲਪਕਾਰ ਤੇ ਕਲਾਕਾਰ ਹੁਨਰ ਦਾ ਪ੍ਰਗਟਾਵਾ ਕਰਨ ਲਈ ਪਹੁੰਚ ਰਹੇ ਹਨ | ਉਨ੍ਹਾਂ ਕਿਹਾ ਕਿ ਇਹ ਹੁਨਰਮੰਦ ਲੋਕ ਰਵਾਇਤੀ ਲੋਕ ਨਾਚਾਂ ਤੇ ਕਲਾਕਿ੍ਤਾਂ ਨੂੰ ਦੇਸ਼ ਦੇ ਹਰ ਕੋਨੇ 'ਚ ਪਹੁੰਚਾਉਣ ਲਈ ਖੂਬ ਦਿਲ ਲਗਾ ਕੇ ਮਿਹਨਤ ਕਰਦੇ ਹਨ ਅਤੇ ਇਨ੍ਹਾਂ ਦੀ ਆਜੀਵਕਾ ਵੀ ਇਸੇ 'ਤੇ ਨਿਰਭਰ ਕਰਦੀ ਹੈ, ਇਸ ਲਈ ਖੇਤਰੀ ਸਰਸ ਮੇਲਾ ਇਨ੍ਹਾਂ ਲਈ ਬਿਹਤਰੀਨ ਮੰਚ ਸਾਬਤ ਹੋਵੇਗਾ | ਉਨ੍ਹਾਂ ਮੇਲੇ ਦੀ ਸਫਲਤਾ ਲਈ ਪ੍ਰਸ਼ਾਸਨਿਕ ਪੱਧਰ 'ਤੇ ਗਠਿਤ ਕੀਤੀਆਂ ਕਮੇਟੀਆਂ ਦੇ ਇੰਚਾਰਜਾਂ ਤੋਂ ਪ੍ਰਗਤੀ ਦਾ ਵਿਸਥਾਰ 'ਚ ਜਾਇਜ਼ਾ ਲਿਆ | ਅਧਿਕਾਰੀ ਨੇ ਕਿਹਾ ਕਿ ਇਸ ਮੇਲੇ ਵਿਚ ਵੰਨ ਸੁਵੰਨੇ ਝੂਲੇ, ਕਲਾਕਿ੍ਤਾਂ ਦੀ ਵਿੱਕਰੀ ਲਈ ਸਥਾਪਤ ਸਟਾਲ, ਵੱਖ-ਵੱਖ ਤਰਾਂ ਦੇ ਭੋਜਨ, ਨਾਮੀ ਕਲਾਕਾਰਾਂ ਦੀ ਸ਼ਮੂਲੀਅਤ ਨਾਲ ਸਰਸ ਮੇਲਾ ਨਾ ਕੇਵਲ ਮਾਨਸਾ ਵਾਸੀਆਂ ਬਲਕਿ ਆਲੇ ਦੁਆਲੇ ਦੇ ਜ਼ਿਲਿ੍ਹਆਂ ਦੇ ਲੋਕਾਂ ਲਈ ਵੀ ਆਕਰਸ਼ਨ ਦਾ ਕੇਂਦਰ ਸਾਬਤ ਹੋਵੇਗਾ | ਕਾਬਲੇ-ਗ਼ੌਰ ਰਹੇ ਇਸ ਮੇਲੇ ਦੌਰਾਨ ਪੰਜਾਬੀ ਦੇ ਪ੍ਰਸਿੱਧ ਕਲਾਕਾਰ ਵੀ ਸਰੋਤਿਆਂ ਦਾ ਮਨੋਰੰਜਨ ਕਰਨਗੇ | ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਆਕਾਸ਼ ਬਾਂਸਲ, ਮੁੱਖ ਮੰਤਰੀ ਫ਼ੀਲਡ ਅਫ਼ਸਰ ਗੁਰਲੀਨ ਕੌਰ, ਐਸ.ਡੀ.ਐਮ. ਮਾਨਸਾ ਬਲਜੀਤ ਕੌਰ, ਐਸ.ਡੀ.ਐਮ. ਸਰਦੂਲਗੜ ਹਰਜਿੰਦਰ ਸਿੰਘ ਜੱਸਲ, ਐਸ.ਡੀ.ਐਮ. ਬੁਢਲਾਡਾ ਗਗਨਦੀਪ ਸਿੰਘ ਆਦਿ ਹਾਜ਼ਰ ਸਨ |