ਤਲਵੰਡੀ ਸਾਬੋ, 9 ਮਾਰਚ (ਰਣਜੀਤ ਸਿੰਘ ਰਾਜੂ)- ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਤਲਵੰਡੀ ਸਾਬੋ ਦੇ ਵਿਗਿਆਨ ਵਿਭਾਗ, ਕੰਪਿਊਟਰ ਵਿਭਾਗ ਅਤੇ ਅੱਨ.ਐੱਸ.ਐੱਸ. ਵਿਭਾਗ ਦੇ ਸਹਿਯੋਗ ਨਾਲ ਰਾਸ਼ਟਰੀ ਵਿਗਿਆਨ ਦਿਵਸ ਅਤੇ ਕੌਮਾਂਤਰੀ ਮਹਿਲਾ ਦਿਵਸ ਨੂੰ ਸਮਰਪਿਤ ਵਿਸ਼ੇਸ਼ ਵਿਸਥਾਰ ਭਾਸ਼ਣ ਕਰਵਾਇਆ ਗਿਆ | ਇਸ ਸਾਲ ਦੇ ਥੀਮ 'ਵਿਗਿਆਨ ਵਿਚ ਮਹਿਲਾਵਾਂ: ਵਿਕਸਿਤ ਭਾਰਤ ਦੀ ਪ੍ਰੇਰਕ ਸ਼ਕਤੀ'' ਦੇ ਅਨੁਸਾਰ ਇਹ ਪ੍ਰੇਰਣਾਦਾਇਕ ਭਾਸ਼ਣ ਕਰਵਾਇਆ ਗਿਆ, ਜਿਸ ਦਾ ਉਦੇਸ਼ ਵਿਦਿਆਰਥਣਾਂ ਵਿੱਚ ਵਿਗਿਆਨ ਪ੍ਰਤੀ ਰੁਚੀ ਪੈਦਾ ਕਰਨਾ ਅਤੇ ਵਿਗਿਆਨ ਦੇ ਖੇਤਰ ਵਿਚ ਔਰਤਾਂ ਦੀ ਮਹੱਤਵਪੂਰਨ ਭੂਮਿਕਾ ਨੂੰ ਉਜਾਗਰ ਕਰਨਾ ਸੀ | ਇਸ ਮੌਕੇ ਫਿਜ਼ਿਕਸ ਵਿਭਾਗ ਦੀ ਐਸੋਸੀਏਟ ਪ੍ਰੋਫੈਸਰ ਡਾ. ਬਲਜਿੰਦਰ ਕੌਰ (ਯਾਦਵਿੰਦਰਾ ਕਾਲਜ ਆਫ਼ ਇੰਜੀਨੀਅਰਿੰਗ, ਤਲਵੰਡੀ ਸਾਬੋ) ਨੇ 'ਸਟੈਮ (ਸਾਇੰਸ, ਟੈਕਨਾਲੋਜੀ, ਇੰਜੀਨੀਅਰਿੰਗ ਅਤੇ ਗਣਿਤ ਵਿੱਚ ਔਰਤਾਂ ਦੀ ਭੂਮਿਕਾ' ਵਿਸ਼ੇ 'ਤੇ ਵਿਸਥਾਰ ਭਾਸ਼ਣ ਦਿੱਤਾ | ਉਨ੍ਹਾਂ ਨੇ ਆਪਣੇ ਸੰਬੋਧਨ ਦੌਰਾਨ ਦੱਸਿਆ ਕਿ ਔਰਤਾਂ ਨੇ ਵਿਗਿਆਨ ਦੇ ਖੇਤਰ ਵਿਚ ਮਹੱਤਵਪੂਰਨ ਯੋਗਦਾਨ ਪਾਇਆ ਹੈ ਅਤੇ ਅੱਜ ਦੇ ਸਮੇਂ ਵਿੱਚ ਉਹ ਖੋਜ, ਨਵੀਨਤਾ ਅਤੇ ਤਕਨੀਕੀ ਵਿਕਾਸ ਵਿਚ ਅਗੇਤੀ ਭੂਮਿਕਾ ਨਿਭਾ ਰਹੀਆਂ ਹਨ | ਉਨ੍ਹਾਂ ਨੇ ਭਾਰਤ ਦੀਆਂ ਪ੍ਰਸਿੱਧ ਔਰਤ ਵਿਗਿਆਨੀਆਂ ਜਿਵੇਂ ਕਿ ਡਾ. ਜਨਕੀ ਅੰਮਲ, ਡਾ. ਕਲਪਨਾ ਚਾਵਲਾ ਅਤੇ ਡਾ. ਅਸੀਮਾ ਚੈਟਰਜੀ ਦੇ ਵਿਗਿਆਨਕ ਯੋਗਦਾਨਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਵਿਦਿਆਰਥਣਾਂ ਨੂੰ ਪ੍ਰੇਰਿਤ ਕੀਤਾ ਕਿ ਉਹ ਵੀ ਮਿਹਨਤ, ਲਗਨ ਅਤੇ ਆਤਮਵਿਸ਼ਵਾਸ ਨਾਲ ਵਿਗਿਆਨ ਦੇ ਖੇਤਰ ਵਿੱਚ ਆਪਣਾ ਯੋਗਦਾਨ ਪਾ ਸਕਦੀਆਂ ਹਨ | ਡਾ. ਬਲਜਿੰਦਰ ਕੌਰ ਨੇ ਭਾਰਤ ਸਰਕਾਰ ਵੱਲੋਂ ਔਰਤ ਵਿਗਿਆਨੀਆਂ ਲਈ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਅਤੇ ਖੋਜ ਪ੍ਰੋਜੈਕਟਾਂ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ | ਭਾਸ਼ਣ ਤੋਂ ਬਾਅਦ ਵਿਦਿਆਰਥਣਾਂ ਨਾਲ ਇਕ ਸੰਖੇਪ ਪ੍ਰਸ਼ਨ-ਉੱਤਰ ਸੈਸ਼ਨ ਵੀ ਕਰਵਾਇਆ ਗਿਆ, ਜਿਸ 'ਚ ਵਿਦਿਆਰਥਣਾਂ ਨੇ ਵਿਗਿਆਨ ਅਤੇ ਖੋਜ ਨਾਲ ਸੰਬੰਧਿਤ ਕਈ ਮਹੱਤਵਪੂਰਨ ਸਵਾਲ ਪੁੱਛੇ | ਅੰਤ ਵਿੱਚ ਕਾਲਜ ਪ੍ਰਬੰਧਕਾਂ ਵੱਲੋਂ ਡਾ. ਬਲਜਿੰਦਰ ਕੌਰ ਨੂੰ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ ਅਤੇ ਵਿਦਿਆਰਥਣਾਂ ਨੂੰ ਵਿਗਿਆਨ ਦੇ ਖੇਤਰ ਵਿੱਚ ਅੱਗੇ ਵਧਣ ਲਈ ਪ੍ਰੇਰਿਤ ਕੀਤਾ ਗਿਆ |