ਬਠਿੰਡਾ, 9 ਮਾਰਚ (ਅੰਮਿ੍ਤਪਾਲ ਸਿੰਘ ਵਲ੍ਹਾਣ)- ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਵਿਧਾਨ ਸਭਾ ਦਾ ਘਿਰਾਓ ਕਰਨ ਜਾਂਦੇ ਸੂਬੇ ਦੇ ਮੁਲਾਜ਼ਮਾਂ 'ਤੇ ਪੁਲਿਸ ਵਲੋਂ ਕੀਤੇ ਗਏ ਲਾਠੀਚਾਰਜ ਦੀ ਗੌਰਮਿੰਟ ਫਿਜ਼ੀਕਲ ਐਜੂਕੇਸ਼ਨ ਟੀਚਰਜ਼ ਫ਼ਰੰਟ ਪੰਜਾਬ ਨੇ ਸਖ਼ਤ ਨਿੰਦਾ ਕੀਤੀ ਹੈ | ਗੌਰਮਿੰਟ ਫਿਜ਼ੀਕਲ ਐਜੂਕੇਸ਼ਨ ਟੀਚਰਜ਼ ਫ਼ਰੰਟ ਦੇ ਕਨਵੀਨਰ ਜਗਦੀਸ਼ ਕੁਮਾਰ ਜੱਗੀ ਬਠਿੰਡਾ, ਕੇਸ਼ਵ ਕੋਹਲੀ ਅੰਮਿ੍ਤਸਰ, ਦੀਪਕ ਫ਼ਾਜ਼ਿਲਕਾ, ਅਮਨਦੀਪ ਸਿੰਘ ਮੁਕਤਸਰ, ਨਵਕਿਰਨਪ੍ਰੀਤ ਖੱਟੜਾ ਸੰਗਰੂਰ ਅਤੇ ਦੀਪਕ ਲੁਧਿਆਣਾ ਨੇ ਕਿਹਾ ਕਿ ਉਕਤ ਘਿਰਾਓ ਦੌਰਾਨ ਪੁਲਿਸ ਨੇ ਮੁਲਾਜ਼ਮਾਂ 'ਤੇ ਲਾਠੀਚਾਰਜ, ਗੰਦੇ ਪਾਣੀ ਦੀਆਂ ਬੁਛਾੜਾਂ ਤੇ ਅੱਥਰੂ ਗੈਸ ਦੇ ਗੋਲੇ ਸੁੱਟ ਕੇ ਲੋਕਤੰਤਰ ਦਾ ਘਾਣ ਕੀਤਾ ਹੈ, ਜਿਸ ਦੌਰਾਨ ਜਿੱਥੇ ਕਈ ਮੁਲਾਜ਼ਮਾਂ ਦੀਆਂ ਪੱਗਾਂ ਅਤੇ ਔਰਤ ਮੁਲਾਜ਼ਮਾਂ ਦੀਆਂ ਚੁੰਨੀਆਂ ਲੱਥੀਆਂ, ਉੱਥੇ ਦੋ ਸਾਥੀ ਸੱਟਾਂ ਲੱਗਣ ਕਰਕੇ ਫੱਟੜ ਹੋਏ ਹਨ | ਉਨ੍ਹਾਂ ਕਿਹਾ ਕਿ ਸਰਕਾਰ ਦੀ ਧੱਕੇਸ਼ਾਹੀ ਦਾ ਚੋਣਾਂ ਮੌਕੇ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ | ਇਸ ਤੋਂ ਇਲਾਵਾ ਉਨਾਂ ਨੇ ਨੈਸ਼ਨਲ ਕਾਊਾਸਿਲ ਆਫ਼ ਟੀਚਰ ਐਜੂਕੇਸ਼ਨ ਦੇ 29 ਜੁਲਾਈ 2011 ਦੇ ਫ਼ੈਸਲੇ ਅਨੁਸਾਰ ਪੀ.ਐਸ. ਟੈੱਟ ਤੋਂ ਛੋਟ ਦੇਣ ਦੇ ਬਾਵਜੂਦ ਪੰਜਾਬ ਸਰਕਾਰ ਵਲੋਂ ਸਰੀਰਕ ਸਿੱਖਿਆ ਅਧਿਆਪਕਾਂ 'ਤੇ ਪੀ.ਐਸ.ਟੈਟ. ਥੋਪਣ ਦੀ ਨਿਖੇਧੀ ਕਰਦਿਆਂ ਇਹ ਸ਼ਰਤ ਤੁਰੰਤ ਹਟਾਉਣ ਅਤੇ ਟੈੱਟ ਤੋਂ ਛੋਟ ਦੇਣ ਦਾ ਵਿਧਾਨ ਸਭਾ 'ਚ ਮਤਾ ਪਾਸ ਕਰਨ ਦੀ ਮੰਗ ਕੀਤੀ | ਕਨਵੀਨਰ ਜੱਗੀ ਨੇ ਕਿਹਾ ਕਿ ਜੇਕਰ ਅਜਿਹਾ ਨਾ ਕੀਤਾ ਤਾਂ ਸੰਘਰਸ਼ ਨੂੰ ਹੋਰ ਤੇਜ ਕੀਤਾ ਜਾਵੇਗਾ |