ਭਗਤਾ ਭਾਈਕਾ, 9 ਮਾਰਚ (ਸੁਖਪਾਲ ਸਿੰਘ ਸੋਨੀ)-ਸ਼੍ਰੋਮਣੀ ਅਕਾਲੀ ਦਲ ਵਲੋਂ ਸੂਬੇ ਦੇ ਵਿਧਾਨ ਸਭਾ ਹਲਕਿਆਂ ਅੰਦਰ ਕੀਤੀਆਂ ਜਾ ਰਹੀਆਂ 'ਪੰਜਾਬ ਬਚਾਉ, ਸੁਖਬੀਰ ਲਿਆਉ' ਰੈਲੀਆਂ ਨੇ ਅਕਾਲੀ ਦਲ ਵਿਰੋਧੀ ਕਾਰਵਾਈਆਂ ਅਤੇ ਕੂੜ ਪ੍ਰਚਾਰ ਨੂੰ ਪੂਰਨ ਵਿਸ਼ਰਾਮ ਦੇ ਦਿੱਤਾ ਹੈ | ਰੈਲੀਆਂ ਦੇ ਇਕੱਠ ਅਕਾਲੀ ਦਲ ਪ੍ਰਤੀ ਲੋਕ ਪ੍ਰੀਆਂ ਸਪਸ਼ਟ ਕਰ ਰਹੇ ਹਨ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਬਠਿੰਡਾ ਦੇ ਸੀਨੀਅਰ ਮੀਤ ਪ੍ਰਧਾਨ ਸੁਖਚੈਨ ਸਿੰਘ ਪਿੰਟੂ ਜਲਾਲ ਨੇ ਅੱਜ ਇਥੇ 'ਅਜੀਤ' ਨਾਲ ਗੱਲਬਾਤ ਕਰਦੇ ਹੋਏ ਕੀਤਾ | ਸੁਖਚੈਨ ਸਿੰਘ ਪਿੰਟੂ ਜਲਾਲ ਨੇ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਦੌਰਾਨ ਸੂਬੇ ਅੰਦਰ ਵਿਕਾਸ ਕਾਰਜ ਹੋਏ ਹਨ, ਉਨ੍ਹਾਂ ਨੂੰ ਹੁਣ ਸੂਬੇ ਦੇ ਲੋਕ ਵਿਕਾਸ ਦੇਖਣ ਨੂੰ ਤਰਸ ਗਏ ਹਨ | ਹੁਣ ਆਪ ਸਰਕਾਰ ਦੌਰਾਨ ਸੂਬੇ ਅੰਦਰ ਵਿਕਾਸ ਘੱਟ ਅਤੇ ਚਰਚਾ ਵੱਧ ਹੋ ਰਹੀ ਹੈ | ਪੰਜਾਬ ਦੇ ਪੈਸੇ ਨੂੰ ਪੰਜਾਬ ਦੇ ਲੋਕਾਂ ਦੀ ਭਲਾਈ ਉਪਰ ਖਰਚਣ ਦੀ ਬਜਾਏ, ਆਪ ਦੇ ਝੂਠੇ ਵਿਕਾਸ ਨੂੰ ਸੱਚ ਸਾਬਿਤ ਕਰਨ ਲਈ ਵਧੇਰੇ ਖਰਚਿਆ ਜਾ ਰਿਹਾ ਹੈ | ਸ. ਜਲਾਲ ਨੇ ਕਿਹਾ ਕਿ ਸੂਬੇ ਅੰਦਰ ਝੂਠ ਅਤੇ ਗੁੰਮਰਾਹਕੁੰਨ ਨੀਤੀ ਤਹਿਤ ਸੂਬੇ ਅੰਦਰ ਸਰਕਾਰ ਬਣਾਉਣ ਵਾਲੇ ਆਪ ਆਗੂਆਂ ਤੋਂ ਹੁਣ ਸੂਬੇ ਦੇ ਲੋਕਾਂ ਦਾ ਵਿਸ਼ਵਾਸ਼ ਮੁੱਕ ਚੁੱਕਾ ਹੈ | ਉਨ੍ਹਾਂ ਕਿਹਾ ਕਿ ਸੂਬੇ ਅੰਦਰ ਹੁਣ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਦਿਨ-ਬ-ਦਿਨ ਮਜ਼ਬੂਤ ਹੋ ਰਿਹਾ ਹੈ | ਅਕਾਲੀ ਦਲ ਦੀਆਂ ਹਲਕਾ ਪੱਧਰੀ ਰੈਲੀਆਂ ਦਾ ਇਕੱਠ ਵੀ ਅਕਾਲੀ ਦਲ ਦੀ ਮਜ਼ਬੂਤੀ ਦੇ ਸਬੂਤ ਦੇ ਰਿਹਾ ਹੈ | ਉਨ੍ਹਾਂ ਅਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਸੂਬੇ ਅੰਦਰ ਅਕਾਲੀ ਦਲ ਦੀ ਸਰਕਾਰ ਬਣਨ ਦਾ ਦਾਅਵਾ ਕੀਤਾ |