ਤਲਵੰਡੀ ਸਾਬੋ, 9 ਮਾਰਚ (ਰਣਜੀਤ ਸਿੰਘ ਰਾਜੂ)-ਪੰਜਾਬ ਦੀ ਭਗਵੰਤ ਮਾਨ ਸਰਕਾਰ ਵਲੋਂ ਅੱਜ ਵਿਧਾਨ ਸਭਾ 'ਚ ਪੇਸ਼ ਕੀਤੇ ਸੂਬੇ ਦੇ ਬਜਟ ਤੇ ਪ੍ਰਤੀਕਰਮ ਦਿੰਦਿਆਂ ਕਾਂਗਰਸ ਦੇ ਹਲਕਾ ਸੇਵਾਦਾਰ ਖੁਸ਼ਬਾਜ਼ ਸਿੰਘ ਜਟਾਣਾ ਨੇ ਕਿਹਾ ਕਿ 2022 ਚੋਣਾਂ ਦੌਰਾਨ ਔਰਤਾਂ ਨਾਲ ਕੀਤੇ ਵਾਅਦੇ ਅਜੇ ਤੱਕ ਪੂਰੇ ਨਹੀਂ ਕੀਤੇ ਗਏ ਕਿਉਂਕਿ ਆਮ ਆਦਮੀ ਪਾਰਟੀ ਨੇ ਸਰਕਾਰ ਬਣਨ ਤੇ ਹਰ ਮਹੀਨੇ ਔਰਤਾਂ ਨੂੰ ਇੱਕ ਹਜ਼ਾਰ ਰੁਪਏ ਆਰਥਿਕ ਮਦਦ ਦੇਣ ਦਾ ਵੱਡਾ ਐਲਾਨ ਕੀਤਾ ਗਿਆ ਸੀ ਇਸ ਲਈ ਸਰਕਾਰ ਹੁਣ ਔਰਤਾਂ ਨੂੰ ਇੱਕ ਹਜ਼ਾਰ ਜਾਂ ਪੰਦਰਾਂ ਸੌ ਰੁਪਿਆ ਦੇਣ ਦੀ ਵਜਾਏ ਪਹਿਲਾਂ ਲੰਘੇ ਚਾਰ ਸਾਲ੍ਹ ਦਾ ਬਣਦਾ 48 ਹਜ਼ਾਰ ਰੁਪਿਆ ਬਕਾਇਆ ਦੇਵੇ | ਉਨ੍ਹਾਂ ਕਿਹਾ ਕਿ ਹੁਣ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਸਰਕਾਰ ਵੱਲੋਂ ਔਰਤਾਂ ਨੂੰ 1000 ਰੁਪਏ ਅਤੇ ਅਨੁਸੂਚਿਤ ਸ਼੍ਰੇਣੀ ਦੀਆਂ ਔਰਤਾਂ ਨੂੰ 1500 ਰੁਪਏ ਦੇਣ ਦੀ ਗੱਲ ਕੀਤੀ ਗਈ ਹੈ ਪਰ ਕਿਉਂਕਿ ਵਾਇਦਾ ਇਹ ਕੀਤਾ ਗਿਆ ਸੀ ਕਿ ਸਰਕਾਰ ਬਣਦਿਆਂ ਹੀ ਔਰਤਾਂ ਨੂੰ ਮਾਣ ਭੱਤਾ ਦੇਣਾ ਸ਼ੁਰੂ ਕਰ ਦੇਵਾਂਗੇ ਇਸ ਕਰਕੇ ਸਰਕਾਰ ਬਣਨ ਦੇ ਦਿਨ ਤੋਂ ਉਕਤ ਐਲਾਨ ਅਮਲ ਚ ਲਿਆਂਦਾ ਜਾਵੇ ਤੇ ਪਿਛਲੇ ਚਾਰ ਸਾਲਾਂ ਦਾ ਔਰਤਾਂ ਦਾ ਬਣਦਾ ਲਗਭਗ 48 ਹਜ਼ਾਰ ਰੁਪਏ ਬਕਾਇਆ ਤੁਰੰਤ ਅਦਾ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਲੋਕਾਂ ਨੇ ਵੱਡੀਆਂ ਉਮੀਦਾਂ ਨਾਲ 'ਆਪ' ਸਰਕਾਰ ਨੂੰ ਚੁਣਿਆ ਸੀ, ਪਰ ਅੱਜ ਆਮ ਲੋਕ ਆਪਣੇ ਆਪ ਨੂੰ ਠੱੱਗਿਆ ਮਹਿਸੂਸ ਕਰ ਰਹੇ ਹਨ | ਜਟਾਣਾ ਨੇ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਚੋਣਾਂ ਤੋਂ ਪਹਿਲਾਂ ਕੀਤੇ ਵਾਅਦਿਆਂ ਨੂੰ ਇਮਾਨਦਾਰੀ ਨਾਲ ਪੂਰਾ ਕਰੇ ਨਹੀ ਤਾਂ ਆਉਣ ਵਾਲੇ ਸਮੇਂ ਚ ਲੋਕ ਆਪਣਾ ਫੈਸਲਾ ਸੁਣਾ ਦੇਣਗੇ |