ਤਲਵੰਡੀ ਸਾਬੋ, 9 ਮਾਰਚ (ਰਣਜੀਤ ਸਿੰਘ ਰਾਜੂ)-ਉਪ ਮੰਡਲ ਦੇ ਪਿੰਡ ਫਤਹਿਗੜ੍ਹ ਨੌਂ ਆਬਾਦ ਵਿਖੇ ਅੱਜ ਨੌਜਵਾਨ ਆਗੂ ਬਲਕਾਰ ਸਿੰਘ ਵਲੋਂ ਰੱਖੀ ਯੂਥ ਅਕਾਲੀ ਦਲ ਦੀ ਭਰਵੀਂ ਮੀਟਿੰਗ ਚ ਪੁੱਜੇ ਸ਼ੋ੍ਰਮਣੀ ਅਕਾਲੀ ਦਲ (ਬਾਦਲ) ਦੇ ਹਲਕਾ ਇੰਚਾਰਜ ਰਵੀਪ੍ਰੀਤ ਸਿੰਘ ਸਿੱਧੂ ਨੇ ਮੀਟਿੰਗ ਚ ਨੌਜਵਾਨ ਦੀ ਵੱਡੀ ਇਕੱਤਰਤਾ ਤੋਂ ਖ਼ੁਸ਼ ਹੁੰਦਿਆਂ ਪਾਰਟੀ ਪ੍ਰਤੀ ਕੀਤੀਆਂ ਜਾ ਰਹੀਆਂ ਸੇਵਾਵਾਂ ਦੇ ਮੱਦੇਨਜ਼ਰ ਬਲਕਾਰ ਸਿੰਘ ਨਵਾਂ ਪਿੰਡ ਨੂੰ ਯੂਥ ਅਕਾਲੀ ਦਲ ਸਰਕਲ ਤਲਵੰਡੀ ਸਾਬੋ ਦਿਹਾਤੀ ਦਾ ਪ੍ਰਧਾਨ ਨਿਯੁਕਤ ਕਰਨ ਦਾ ਐਲਾਨ ਕੀਤਾ | ਮੀਟਿੰਗ ਦੌਰਾਨ ਨੌਜਵਾਨਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਹਲਕਾ ਇੰਚਾਰਜ ਰਵੀਪ੍ਰੀਤ ਸਿੰਘ ਸਿੱਧੂ ਨੇ ਕਿਹਾ ਕਿ ਨੌਜਵਾਨਾਂ ਦੇ ਮਸਲਿਆਂ ਦਾ ਹੱਲ ਹਮੇਸ਼ਾ ਉਦੋਂ ਹੀ ਹੋਇਆ ਜਦੋਂ ਪੰਜਾਬ ਚ ਅਕਾਲੀ ਦਲ ਦੀਆਂ ਸਰਕਾਰਾਂ ਹੋਂਦ ਚ ਆਈਆਂ | ਉਨ੍ਹਾਂ ਕਿਹਾ ਕਿ ਮੌਜੂਦਾ ਆਮ ਆਦਮੀ ਪਾਰਟੀ ਸਰਕਾਰ ਨੇ ਆਪਣੇ ਹੁਣ ਤੱਕ ਦੇ ਕਾਰਜਕਾਲ ਦੌਰਾਨ ਨੌਜਵਾਨਾਂ ਜਾਂ ਵਿਦਿਆਰਥੀਆਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਕੁਝ ਨਹੀ ਕੀਤਾ | ਸਿੱਧੂ ਨੇ ਕਿਹਾ ਕਿ ਯੂਥ ਅਕਾਲੀ ਦਲ ਹਮੇਸ਼ਾ ਤੋਂ ਸ਼੍ਰੋਮਣੀ ਅਕਾਲੀ ਦਲ ਦਾ ਹਰਿਆਵਲ ਦਸਤਾ ਰਿਹੈ ਤੇ ਅੱਜ ਵੱਡੀ ਗਿਣਤੀ ਨੌਜਵਾਨਾਂ ਦਾ ਯੂਥ ਅਕਾਲੀ ਦਲ ਨਾਲ ਜੁੜਨਾ ਦਰਸਾਉਂਦਾ ਹੈ ਕਿ ਨੌਜਵਾਨ ਇਹ ਗੱਲ ਭਲੀਭਾਂਤ ਸਮਝ ਚੁੱਕੇ ਹਨ ਕਿ ਕੇਵਲ ਤੇ ਕੇਵਲ ਅਕਾਲੀ ਦਲ ਹੀ ਉਨ੍ਹਾਂ ਦੇ ਹਿੱਤਾਂ ਦੀ ਲੜਾਈ ਲੜ ਰਿਹਾ ਹੈ | ਉਨ੍ਹਾਂ ਇਸ ਮੌਕੇ ਬਲਕਾਰ ਸਿੰਘ ਨਵਾਂ ਪਿੰਡ ਨੂੰ ਸਰਕਲ ਤਲਵੰਡੀ ਸਾਬੋ ਦਿਹਾਤੀ ਦਾ ਪ੍ਰਧਾਨ ਨਿਯੁਕਤ ਕਰਦਿਆਂ ਉਸ ਨੰੂ ਸਨਮਾਨਿਤ ਵੀ ਕੀਤਾ | ਸਟੇਜ ਦੀ ਕਾਰਵਾਈ ਚਲਾਉਂਦਿਆਂ ਅਕਾਲੀ ਦਲ (ਬ) ਸਰਕਲ ਤਲਵੰਡੀ ਸਾਬੋ ਦਿਹਾਤੀ ਪ੍ਰਧਾਨ ਜਸਵਿੰਦਰ ਸਿੰਘ ਜ਼ੈਲਦਾਰ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਆਪੋ ਆਪਣੇ ਪਿੰਡਾਂ ਦੇ ਹੋਰਨਾਂ ਨੌਜਵਾਨਾਂ ਨੂੰ ਵੀ ਅਕਾਲੀ ਦਲ ਨਾਲ ਜੋੜਨ ਦੇ ਯਤਨ ਕਰਨ | ਇਸ ਮੌਕੇ ਅਵਤਾਰ ਸਿੰਘ ਪੱਪੀ ਨਵਾਂ ਪਿੰਡ, ਗੁਰਾਦਿੱਤਾ ਸਿੰਘ ਜਗਾ ਮੈਂਬਰ ਬਲਾਕ ਸੰਮਤੀ, ਹਰਤਾਬਲ ਸਿੰਘ ਸੁੱਖੀ ਨਿੱਜੀ ਸਹਾਇਕ ਸਿੱਧੂ, ਸੁੱਖਾ ਜੱਜਲ, ਮਨਜੀਤ ਸਿੰਘ ਭਾਗੀਵਾਂਦਰ, ਲੀਲਾ ਧਾਲੀਵਾਲ ਤਲਵੰਡੀ ਸਾਬੋ ਆਦਿ ਆਗੂ ਮੌਜੂਦ ਸਨ |