ਨਥਾਣਾ, 28 ਮਾਰਚ (ਗੁਰਦਰਸ਼ਨ ਲੁੱਧੜ)-ਪੀ.ਐੱਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੋਬਿੰਦਪੁਰਾ ਵਿਖੇ ਪਿ੍ੰਸੀਪਲ ਜਸਵੀਰ ਸਿੰਘ ਬੇਗਾ ਦੀ ਅਗਵਾਈ ਹੇਠ ਮਾਪੇ-ਅਧਿਆਪਕ ਮਿਲਣੀ ਦਾ ਵਿਸਥਾਰ ਪ੍ਰੋਗਰਾਮ ਕਰਵਾਇਆ ਗਿਆ | ਇਸ ਦੌਰਾਨ ਅਧਿਆਪਕਾਂ ਵਲੋਂ ਮਾਪਿਆਂ ਨਾਲ ਵਿਦਿਆਰਥੀਆਂ ਦੀਆਂ ਨਾਨ-ਬੋਰਡ ਜਮਾਤਾਂ ਦੇ ਸਾਲਾਨਾ ਨਤੀਜੇ, ਹੋਲਿਸਟਿਕ ਪ੍ਰੋਗਰੈਸ ਕਾਰਡ, ਹਾਜ਼ਰੀ ਅਤੇ ਐਸ. ਐਮ. ਐਸ. ਅਲਰਟ ਪ੍ਰਣਾਲੀ ਬਾਰੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕਰਨ ਉਪਰੰਤ ਲੜਕੀਆਂ ਦੇ ਐਚ. ਪੀ. ਵੀ. ਟੀਕਾਕਰਨ ਅਤੇ ਹੁਨਰ ਸਿੱਖਿਆ ਸਬੰਧੀ ਵੀ ਉਨ੍ਹਾਂ ਨੂੰ ਜਾਗਰੂਕ ਕੀਤਾ ਗਿਆ | ਇਸ ਮੌਕੇ ਪੰਜਾਬ ਸਰਕਾਰ ਤਰਫ਼ੋਂ ਸਿੱਖਿਆ ਦੇ ਮਾਲਵਾ ਜ਼ੋਨ (ਪੱਛਮੀ) ਦੇ ਸਿੱਖਿਆ ਕੋਆਰਡੀਨੇਟਰ ਅਤੇ ਸਾਬਕਾ ਬੀ.ਪੀ.ਈ.ਓ. ਹਰਮੰਦਰ ਸਿੰਘ ਬਰਾੜ ਨੇ ਵਿਸ਼ੇਸ਼ ਤੌਰ 'ਤੇ ਹਾਜ਼ਰੀ ਭਰੀ | ਉਨ੍ਹਾਂ 'ਪੰਜਾਬ ਸਿੱਖਿਆ ਕ੍ਰਾਂਤੀ' ਦੇ ਤਹਿਤ ਸਕੂਲ ਦਾ ਦੌਰਾ ਕਰਦਿਆਂ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਸਰਕਾਰ ਵੱਲੋਂ ਸਿੱਖਿਆ ਖੇਤਰ ਵਿਚ ਦਿੱਤੀਆਂ ਜਾ ਰਹੀਆਂ ਸੁਵਿਧਾਵਾਂ ਬਾਰੇ ਜਾਣਕਾਰੀ ਦਿੱਤੀ | ਇਸ ਮੌਕੇ ਸਕੂਲ ਵਿਚ ਸਿੱਖਿਆ ਦੀ ਨਵੀਂ ਤਕਨਾਲੋਜੀ ਨੂੰ ਪ੍ਰੋਤਸ਼ਾਹਿਤ ਕਰਦੇ ਹੋਏ ਦੋ ਇੰਟਰਐਕਟਿਵ ਪੈਨਲਾਂ ਦਾ ਉਦਘਾਟਨ ਕੀਤਾ ਗਿਆ | ਸਿੱਖਿਆ ਕੋਆਰਡੀਨੇਟਰ ਵਲੋਂ ਸਕੂਲ ਵਿਚ ਚੱਲ ਰਹੇ ਵਿਕਾਸ ਕਾਰਜਾਂ, ਜਿਸ ਵਿਚ ਬਿਊਟੀ ਐਂਡ ਵੈੱਲਨੈਸ, ਸੂਚਨਾ ਤਕਨਾਲੋਜੀ ਦੀਆਂ ਲੈਬਾਂ ਅਤੇ ਨਵੇਂ ਕਮਰਿਆਂ ਦੀ ਉਸਾਰੀ ਦਾ ਜਾਇਜ਼ਾ ਲੈਂਦੇ ਹੋਏ ਤਸੱਲੀ ਪ੍ਰਗਟਾਈ ਗਈ | ਪ੍ਰੋਗਰਾਮ ਦੇ ਅਖੀਰ ਵਿਚ ਸਹਿ-ਵਿੱਦਿਅਕ ਗਤੀਵਿਧੀਆਂ ਵਿਚ ਉੱਤਮ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਪਿ੍ੰਸੀਪਲ ਜਸਵੀਰ ਸਿੰਘ ਬੇਗਾ ਅਤੇ ਹਰਮੰਦਰ ਸਿੰਘ ਬਰਾੜ ਵਲੋਂ ਮੈਡਲ ਅਤੇ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਕੂਲ ਦੇ ਮੀਡੀਆ ਇੰਚਾਰਜ ਡਾ: ਰਣਜੋਧ ਸਿੰਘ ਲੈਕਚਰਾਰ ਅਰਥਸ਼ਾਸਤਰ, ਲੈਕਚਰਾਰ, ਮਨਜੋਤ ਕੌਰ, ਲੈਕਚਰਾਰ ਗਲੋਰੀ, ਚਮਕੌਰ ਸਿੰਘ, ਸੁਖਵਿੰਦਰ ਕੌਰ, ਵਿਪਨ ਕੁਮਾਰ, ਜਸਵਿੰਦਰ ਸਿੰਘ, ਸੰਤੋਸ਼ ਕੁਮਾਰ, ਪਦਮਰਾਜ ਰਾਜ, ਰਾਜਪ੍ਰੀਤ ਕੌਰ ਅਤੇ ਗੁਰਸ਼ਰਨ ਕੌਰ ਸਮੇਤ ਸਮੂਹ ਸਟਾਫ਼ ਵਲੋਂ ਸਫ਼ਲ ਰਹੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਗਈ |