ਬਠਿੰਡਾ, 11 ਅਪ੍ਰੈਲ (ਸੱਤਪਾਲ ਸਿੰਘ ਸਿਵੀਆਂ)-ਪੰਜਾਬ ਭਰ 'ਚ ਕਣਕ ਦੀ ਖਰੀਦ ਬੇਸ਼ੱਕ ਬੀਤੀ 1 ਅਪ੍ਰੈਲ ਤੋਂ ਸ਼ੁਰੂ ਹੋ ਚੁੱਕੀ ਹੈ ਪਰ ਪਿਛਲੇ ਕਈ ਦਿਨਾਂ ਤੋਂ ਵਿਗੜੇ ਮੌਸਮ ਕਾਰਨ ਕਣਕ ਦੀ ਵਾਢੀ ਦਾ ਕੰਮ ਪੂਰੀ ਤਰ੍ਹਾਂ ਨਾਲ ਤੇਜ਼ੀ ਨਹੀਂ ਫੜ ਸਕਿਆ ਹੈ, ਜਿਸ ਕਾਰਨ ਕਣਕ ਦੀ ਦਾਣਾ ਮੰਡੀਆਂ 'ਚ ਆਮਦ ਦਾ ਕੰਮ ਵੀ ਅਜੇ ਠੰਡਾ ਚੱਲ ਰਿਹਾ ਹੈ | ਸੂਬੇ ਦੀਆਂ ਕਈ ਦਾਣਾ ਮੰਡੀਆਂ 'ਚ ਕਣਕ ਦੀ ਖਰੀਦ ਦਾ ਕੰਮ ਸ਼ੁਰੂ ਹੋ ਗਿਆ ਹੈ ਪਰ ਅਜੇ ਤੱਕ ਜਿਲ੍ਹਾ ਬਠਿੰਡਾ ਦੀ ਕਿਸੇ ਵੀ ਦਾਣਾ ਮੰਡੀ 'ਚ ਕਣਕ ਦੀ ਖਰੀਦ ਚਾਲੂ ਨਹੀਂ ਹੋ ਸਕੀ, ਜਦਕਿ ਜਿਲ੍ਹੇ ਭਰ ਦੀਆਂ ਕੁਲ 10 ਮਾਰਕੀਟ ਕਮੇਟੀਆਂ ਅਧੀਨ 200 ਤੋਂ ਵੱਧ ਅਨਾਜ ਮੰਡੀਆਂ 'ਚ ਬੀਤੀ 10 ਅਪ੍ਰੈਲ ਤੱਕ 470 ਮੀਟਰਿਕ ਟਨ ਕਣਕ ਦੀ ਆਮਦ ਹੋ ਚੁੱਕੀ ਹੈ | ਖਰੀਦ ਏਜੰਸੀਆਂ ਦਾ ਕਹਿਣਾ ਹੈ ਕਿ ਉਹ ਪਹਿਲੇ ਦਿਨ ਤੋਂ ਖਰੀਦ ਲਈ ਤਿਆਰ ਹਨ ਪਰ ਪਿਛਲੇ ਦਿਨਾਂ ਅੰਦਰ ਵਰ੍ਹੇ ਭਾਰੀ ਮੀਂਹਾਂ ਕਾਰਨ ਕਣਕ ਦੀ ਨਮੀਂ 'ਚ ਭਾਰੀ ਵਾਧਾ ਹੋਇਆ ਹੈ, ਜਿਸ ਕਾਰਨ ਦਾਣਾ ਮੰਡੀਆਂ 'ਚ ਪੁੱਜੀ ਕਣਕ ਦੀ ਨਮੀਂ ਤੈਅ ਮਾਤਰਾ 12 ਫੀਸਦੀ ਤੋਂ ਕਾਫੀ ਵੱਧ ਹੋਣ ਕਰਕੇ ਕਣਕ ਦੀ ਖਰੀਦ ਦਾ ਕੰਮ ਪ੍ਰਭਾਵਿਤ ਹੋ ਰਿਹਾ ਹੈ | ਦੂਜੇ ਪਾਸੇ ਪੰਜਾਬ ਮੰਡੀ ਬੋਰਡ ਨੇ ਇਸ ਵਰੇ੍ਹ ਜਿਲ੍ਹੇ ਭਰ 'ਚ ਕਰੀਬ 10 ਲੱਖ ਮੀਟਰਿਕ ਟਨ ਕਣਕ ਦੀ ਆਮਦ ਦਾ ਟੀਚਾ ਮਿਥਿਆ ਹੈ, ਪਰ ਬੀਤੇ ਦਿਨੀਂ ਜਿਲ੍ਹੇ ਦੇ ਗੋਨਿਆਣਾ ਬਲਾਕ ਅਧੀਨ ਪੈਂਦੇ ਦਰਜ਼ਨ ਦੇ ਕਰੀਬ ਪਿੰਡਾਂ 'ਚ ਗੜੇਮਾਰੀ ਕਾਰਨ ਕਣਕ ਦੀ ਫਸਲ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ ਹੈ, ਜਿਸ ਕਾਰਨ ਇਹ ਟੀਚਾ ਕੁਝ ਪ੍ਰਭਾਵਿਤ ਹੋ ਸਕਦਾ ਹੈ | ਇਸ ਸਬੰਧੀ ਜਿਲ੍ਹਾ ਮੰਡੀ ਅਧਿਕਾਰੀ ਗੌਰਵ ਗਰਗ ਦਾ ਕਹਿਣਾ ਸੀ ਕਿ ਮੰਡੀ ਬੋਰਡ ਵਲੋਂ ਖਰੀਦ ਦੇ ਸਾਰੇ ਪ੍ਰਬੰਧ ਮੁਕੰਮਲ ਹਨ ਤੇ ਖਰੀਦ ਦੌਰਾਨ ਕਿਸਾਨਾਂ ਨੂੰ ਕੋਈ ਦਿਕਤ ਨਹੀਂ ਆਉਣ ਦਿੱਤੀ ਜਾਵੇਗੀ | ਉੱਧਰ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ-ਟਿਕੈਤ ਦੇ ਸੂਬਾ ਜਨਰਲ ਸਕੱਤਰ ਸਰੂਪ ਸਿੰਘ ਰਾਮਾਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਮੌਸਮ ਨੂੰ ਦੇਖਦੇ ਹੋਏ ਕਣਕ ਦੀ ਨਮੀਂ ਦੀ ਮਾਤਰਾ 'ਚ ਵਾਧਾ ਕੀਤਾ ਜਾਵੇ ਤੇ ਇਹ ਮਾਤਰਾ 15 ਫੀਸਦੀ ਤੱਕ ਵਧਾਈ ਜਾਵੇ ਤੇ ਕਿਸਾਨਾਂ ਨੂੰ ਮੰਡੀਆਂ 'ਚ ਰੁਲਣ ਤੋਂ ਬਚਾਇਆ ਜਾਵੇ |
ਜ਼ਿਲ੍ਹੇ ਭਰ ਦੀਆਂ ਦਾਣਾ ਮੰਡੀਆਂ 'ਚ ਹੁਣ ਤੱਕ 470 ਮੀਟਿ੍ਕ ਟਨ ਕਣਕ ਦੀ ਆਮਦ
ਅਜੀਤ ਡੈਸਕ
12-04-2026