ਸੰਗਤ ਮੰਡੀ, 11 ਅਪ੍ਰੈਲ (ਅੰਮਿ੍ਤਪਾਲ ਸ਼ਰਮਾ)- ਸੰਗਤ ਮੰਡੀ ਦੀ ਇਕਲੌਤੀ ਗੈੱਸ ਏਜੰਸੀ ਵਲੋਂ ਪਿਛਲੇ 10 ਦਿਨਾਂ ਦੇ ਬੁੱਕ ਕੀਤੇ ਰਸੋਈ ਗੈੱਸ ਸਿਲੰਡਰ ਨਾ ਦੇਣ ਕਾਰਨ ਇਲਾਕੇ ਦੇ 56 ਪਿੰਡਾਂ ਦੇ ਖ਼ਪਤਕਾਰਾਂ 'ਚ ਹਾਹਾਕਾਰ ਮੱਚ ਗਈ ਹੈ | ਜਾਣਕਾਰੀ ਅਨੁਸਾਰ ਇਲਾਕੇ ਦੇ ਕਈ ਖ਼ਪਤਕਾਰਾਂ ਵਲੋਂ ਗੈੱਸ ਸਿਲੰਡਰ ਨਾ ਮਿਲਣ ਕਾਰਨ ਗੈੱਸ ਏਜੰਸੀ ਸੰਗਤ ਇੰਡੇਨ ਸਰਵਿਸ ਸੰਗਤ ਮੰਡੀ ਵਿਰੱੁਧ ਖ਼ਪਤਕਾਰਾਂ ਨੂੰ ਜਾਣਬੁੱਝ ਕੇ ਖ਼ੱਜਲ਼-ਖ਼ੁਆਰ ਕਰਨ ਦੀਆਂ ਲਿਖਤੀ ਸ਼ਿਕਾਇਤਾਂ ਇੰਡੀਅਨ ਆਇਲ ਕੰਪਨੀ ਨੂੰ ਕੀਤੀਆਂ ਹਨ | ਸਾਹਿਲ ਗੋਇਲ ਪੁੱਤਰ ਮੁਕੰਦ ਲਾਲ ਵਾਸੀ ਸੰਗਤ ਮੰਡੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਬੀਤੀ 5 ਅਪ੍ਰੈਲ ਨੂੰ ਆਨਲਾਈਨ ਗੈੱਸ ਸਿਲੰਡਰ ਬੁੱਕ ਕੀਤਾ ਸੀ ਅਤੇ ਜਿਸ ਦੀ ਕੰਪਨੀ ਨੂੰ ਆਨਲਾਈਨ ਪੇਮੈਂਟ ਵੀ ਕਰ ਦਿੱਤੀ ਸੀ ਪ੍ਰੰਤੂ ਇਕ ਹਫ਼ਤੇ ਤੋਂ ਵੱਧ ਸਮਾਂ ਬੀਤ ਜਾਣ 'ਤੇ ਵੀ ਉਨ੍ਹਾਂ ਨੂੰ ਗੈੱਸ ਸਿਲੰਡਰ ਨਹੀਂ ਦਿੱਤਾ ਗਿਆ | ਉਨ੍ਹਾਂ ਦੱਸਿਆ ਕਿ ਜਦੋਂ ਗੈੱਸ ਸਿਲੰਡਰ ਦੀ ਡਿਲਿਵਰੀ ਨਾ ਕੀਤੇ ਜਾਣ ਵਾਰੇ ਏਜੰਸੀ ਦੇ ਮਾਲਕ ਹਰਸਵਰੂਪ ਨਾਲ ਫ਼ੋਨ 'ਤੇ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਗੈੱਸ ਏਜੰਸੀ ਕੋਲ ਗੈੱਸ ਸਿਲੰਡਰ ਖ਼ਤਮ ਹੋ ਚੁਕੇ ਹਨ ਅਤੇ ਪਿੱਛੋਂ ਹੀ ਗੈੱਸ ਨਹੀਂ ਆਈ, ਜਦੋਂ ਗੈੱਸ ਆਵੇਗੀ ਤਾਂ ਉਨ੍ਹਾਂ ਦਾ ਸਿਲੰਡਰ ਭੇਜ ਦਿੱਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਇਸ ਦੀ ਲਿਖਤੀ ਸ਼ਿਕਾਇਤ ਉਨ੍ਹਾਂ ਵੱਲੋਂ ਕੰਪਨੀ ਦੀ ਵੈੱਬਸਾਈਟ 'ਤੇ ਕਰ ਦਿੱਤੀ ਹੈ | ਇਸੇ ਤਰ੍ਹਾਂ ਸੰਗਤ ਮੰਡੀ ਵਾਸੀ ਮਹਿੰਦਰ ਕੌਰ ਪਤਨੀ ਗੁਰਮੀਤ ਸਿੰਘ ਨੇ ਵੀ ਗੈੱਸ ਸਿਲੰਡਰ ਨਾ ਦਿੱਤੇ ਜਾਣ ਦੀ ਲਿਖਤੀ ਸ਼ਿਕਾਇਤ ਕੀਤੀ ਹੈ | ਉਨ੍ਹਾਂ ਦੱਸਿਆ ਕਿ ਉਹ ਵਿਧਵਾ ਔਰਤ ਹੈ ਅਤੇ ਖ਼ੁਦ ਚੱਲਕੇ ਗੈੱਸ ਏਜੰਸੀ ਨਹੀਂ ਜਾ ਸਕਦੀ, ਪ੍ਰੰਤੂ 5 ਅਪੈ੍ਰਲ ਨੂੰ ਆਨਲਾਈਨ ਬੁੱਕ ਕੀਤੇ ਗੈੱਸ ਸਿਲੰਡਰ ਦੀ ਡਿਲੀਵਰੀ ਅਜੇ ਤੱਕ ਵੀ ਉਨ੍ਹਾਂ ਨੂੰ ਨਹੀਂ ਦਿੱਤੀ ਗਈ ਹੈ | ਸੰਗਤ ਮੰਡੀ ਵਾਸੀ ਵਿਵੇਕ ਸ਼ਰਮਾ ਨੇ ਦੱਸਿਆ ਕਿ ਉਕਤ ਗੈੱਸ ਏਜੰਸੀ ਵਲੋਂ ਖ਼ਪਤਕਾਰਾਂ ਨੂੰ ਜਾਣਬੁੱਝ ਕੇ ਗੈੱਸ ਏਜੰਸੀ ਮੂਹਰੇ ਲਾਈਨਾਂ 'ਚ ਲੱਗਣ ਲਈ ਮਜਬੂਰ ਕੀਤਾ ਜਾ ਰਿਹਾ ਹੈ ਅਤੇ ਕਾਲਾਬਾਜ਼ਾਰੀ 'ਚ ਗੈੱਸ ਸਿਲੰਡਰ 2 ਤੋਂ 3 ਹਜ਼ਾਰ ਰੁਪਏ ਵਿੱਚ ਸ਼ਰੇਆਮ ਵਿਕ ਰਹੇ ਹਨ | ਪਿੰਡ ਜੋਧਪੁਰ ਰੋਮਾਣਾ ਦੇ ਸਰਪੰਚ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਉਕਤ ਗੈੱਸ ਏਜੰਸੀ ਵੱਲੋਂ ਫ਼ਰਜ਼ੀ ਡਿਲੀਵਰੀਆਂ ਰਾਹੀਂ ਗੈੱਸ ਸਿਲੰਡਰਾਂ ਦੀ ਕਾਲਾਬਾਜ਼ਾਰੀ ਕੀਤੇ ਜਾਣ ਦਾ ਉਨ੍ਹਾਂ ਨੂੰ ਪਤਾ ਲੱਗਾ ਹੈ, ਜਦੋਂ ਕਿ ਉਨ੍ਹਾਂ ਦੇ ਪਿੰਡ 'ਚ ਦੋ ਹਫ਼ਤਿਆਂ ਤੋਂ ਵੀ ਵੱਧ ਸਮੇਂ ਤੋਂ ਗੈੱਸ ਸਿਲੰਡਰਾਂ ਦੀ ਕੋਈ ਵੀ ਡਿਲੀਵਰੀ ਵੈਨ ਨਹੀਂ ਪੱੁਜੀ ਹੈ | ਉਨ੍ਹਾਂ ਦੱਸਿਆ ਕਿ ਗੈੱਸ ਏਜੰਸੀ ਵਾਲੇ ਕਿਸੇ ਵੀ ਖ਼ਪਤਕਾਰ ਦਾ ਫ਼ੋਨ ਨਹੀਂ ਚੁੱਕਦੇ, ਜਿਸ ਕਾਰਨ ਪਿੰਡ ਵਾਸੀਆਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨ੍ਹਾਂ ਕੇਂਦਰ ਸਰਕਾਰ ਤੋਂ ਇਲਾਕੇ ਅੰਦਰ ਹੋਰ ਗੈੱਸ ਏਜੰਸੀਆਂ ਖੋਲੇ੍ਹ ਜਾਣ ਦੀ ਵੀ ਮੰਗ ਕੀਤੀ ਹੈ | ਸਮਾਜਸੇਵੀ ਬਲਵੀਰ ਸਿੰਘ ਬੀਰਾ ਨੇ ਦੱਸਿਆ ਕਿ ਉਕਤ ਗੈੱਸ ਏਜੰਸੀ ਵਲੋਂ ਆਪਣਾ ਸਟਾਕ ਬੋਰਡ ਏਜੰਸੀ ਅਤੇ ਸਟੋਰ ਦੇ ਬਾਹਰ ਨਾਂ ਲਗਾ ਕੇ ਨਿਯਮਾਂ ਦੀ ਘੋਰ ਉਲੰਘਣਾ ਕੀਤੀ ਜਾ ਰਹੀ ਹੈ, ਜਿਸ ਦੀ ਉਨ੍ਹਾਂ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਜਾਂਚ ਕਰਵਾ ਕੇ ਏਜੰਸੀ ਵਿਰੁੱਧ ਬਣਦੀ ਕਾਰਵਾਈ ਦੀ ਮੰਗ ਕੀਤੀ ਹੈ | ਇਸ ਬਾਰੇ ਏਜੰਸੀ ਦੀ ਮੈਨੇਜਰ ਕਰਮਜੀਤ ਕੌਰ ਅਤੇ ਮਾਲਕ ਹਰਸਵਰੂਪ ਨਾਲ ਫ਼ੋਨ 'ਤੇ ਪੱਖ ਜਾਣਨਾ ਚਾਹਿਆ ਤਾਂ ਉਨ੍ਹਾਂ ਫ਼ੋਨ ਨਹੀਂ ਉਠਾਇਆ | ਬਲਾਕ ਖ਼ੁਰਾਕ ਤੇ ਸਪਲਾਈ ਵਿਭਾਗ ਦੇ ਬਲਾਕ ਅਧਿਕਾਰੀ ਗੁਰਤੇਜ ਸਿੰਘ ਨੇ ਦੱਸਿਆ ਕਿ ਏਜੰਸੀ ਮਾਲਕਾਂ ਵਲੋਂ ਪਿਛਲੇ ਦੋ ਦਿਨਾਂ ਤੋਂ ਗੈੱਸ ਖ਼ਤਮ ਹੋਣ ਬਾਰੇ ਉਨ੍ਹਾਂ ਨੂੰ ਦੱਸਿਆ ਗਿਆ ਹੈ, ਪ੍ਰੰਤੂ ਕਿਸੇ ਫ਼ਰਜ਼ੀ ਖ਼ਪਤਕਾਰ ਨੂੰ ਕੀਤੀ ਡਿਲੀਵਰੀ ਦੀ ਜਾਂਚ ਕਰਵਾ ਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ |