ਰਾਮਾਂ ਮੰਡੀ, 11 ਅਪ੍ਰੈਲ (ਤਰਸੇਮ ਸਿੰਗਲਾ): ਪੰਜਾਬ ਦੇ ਹਿੱਤਾਂ ਦੀ ਰੱਖਿਆ ਲਈ ਸ਼੍ਰੋਮਣੀ ਅਕਾਲੀ ਦਲ ਵਲੋਂ ਅੱਜ ਟਰੈਕਟਰ ਮੰਡੀ ਤਲਵੰਡੀ ਸਾਬੋ ਵਿਖੇ ਆਯੋਜਿਤ 'ਪੰਜਾਬ ਬਚਾਓ ਰੈਲੀ' ਨੂੰ ਮਿਲੇ ਵੱਡੇ ਜਨ ਸਮਰਥਨ ਲਈ ਪਾਰਟੀ ਦੇ ਕੌਮੀ ਜਨਰਲ ਸਕੱਤਰ ਅਤੇ ਹਲਕਾ ਇੰਚਾਰਜ ਰਵੀਪ੍ਰੀਤ ਸਿੰਘ ਸਿੱਧੂ ਨੇ ਹਲਕੇ ਦੇ ਸਮੂਹ ਵਰਕਰਾਂ, ਸਮਰਥਕਾਂ ਅਤੇ ਆਮ ਲੋਕਾਂ ਦਾ ਦਿਲੋਂ ਧੰਨਵਾਦ ਕੀਤਾ ਹੈ | ਉਨ੍ਹਾਂ ਕਿਹਾ ਕਿ ਇਸ ਰੈਲੀ ਦੀ ਕਾਮਯਾਬੀ ਸਾਬਤ ਕਰਦੀ ਹੈ ਕਿ ਪੰਜਾਬ ਦੇ ਲੋਕ ਆਪਣੇ ਹੱਕਾਂ ਲਈ ਜਾਗਰੂਕ ਹਨ ਅਤੇ ਇੱਕਜੁੱਟ ਹੋ ਕੇ ਆਪਣੀ ਆਵਾਜ਼ ਬੁਲੰਦ ਕਰ ਰਹੇ ਹਨ | ਸਿੱਧੂ ਨੇ ਕਿਹਾ ਕਿ ਰੈਲੀ ਵਿਚ ਹਰੇਕ ਵਰਗ ਦੇ ਲੋਕਾਂ, ਨੌਜਵਾਨਾਂ, ਕਿਸਾਨਾਂ, ਮਹਿਲਾਵਾਂ ਅਤੇ ਬਜ਼ੁਰਗਾਂ ਦੀ ਵੱਡੀ ਭਾਗੀਦਾਰੀ ਨੇ ਇਸ ਅੰਦੋਲਨ ਨੂੰ ਹੋਰ ਮਜ਼ਬੂਤ ਬਣਾਇਆ ਹੈ | ਉਨ੍ਹਾਂ ਵਰਕਰਾਂ ਦੀ ਮਿਹਨਤ ਅਤੇ ਸਮਰਪਣ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਲਗਨ ਦੇ ਕਾਰਨ ਹੀ ਇਹ ਰੈਲੀ ਇਤਿਹਾਸਕ ਸਾਬਿਤ ਹੋਈ ਹੈ | ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਨੂੰ ਬਚਾਉਣ ਲਈ ਅਤੇ ਮਸਲਿਆਂ ਨੂੰ ਹੱਲ ਕਰਨ ਲਈ ਇਹ ਸਿਰਫ਼ ਸ਼ੁਰੂਆਤ ਹੈ | ਸਿੱਧੂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇੱਕਜੁੱਟ ਰਹਿਣ ਅਤੇ ਪੰਜਾਬ ਦੀ ਤਰੱਕੀ ਅਤੇ ਖ਼ੁਸ਼ਹਾਲੀ ਲਈ ਆਪਣੇ ਯੋਗਦਾਨ ਪਾਉਂਦੇ ਰਹਿਣ | ਅੰਤ ਵਿਚ ਉਨ੍ਹਾਂ ਸਭ ਦਾ ਮੁੜ ਧੰਨਵਾਦ ਕਰਦਿਆਂ ਕਿਹਾ ਕਿ ਲੋਕਾਂ ਦਾ ਇਹ ਭਰੋਸਾ ਅਤੇ ਸਹਿਯੋਗ ਹੀ ਉਨ੍ਹਾਂ ਦੀ ਸਭ ਤੋਂ ਵੱਡੀ ਤਾਕਤ ਹੈ | ਇਸ ਮੌਕੇ ਪੀਏ ਹਰਤਾਵਲ ਸਿੰਘ ਸੁੱਖੀ, ਦਵਿੰਦਰ ਸਿੰਘ ਸਰਾਂ ਕੋਟਬਖਤੂ ਸੀਨੀਅਰ ਸੂਬਾ ਮੀਤ ਪ੍ਰਧਾਨ ਯੂਥ ਅਤੇ ਹਲਕਾ ਆਬਜ਼ਰਵਰ, ਸੁਰਿੰਦਰ ਸਿੰਘ ਸਰਾਂ ਚੱਕ ਹੀਰਾ ਸਿੰਘ ਵਾਲਾ ਯੂਥ ਪ੍ਰਧਾਨ ਸੇਖੂ ਸਰਕਲ, ਗੋਲਡੀ ਮਹੇਸ਼ਵਰੀ, ਦਵਿੰਦਰ ਕੁਮਾਰ ਜੈਨ, ਨਿਰਮਲ ਓਸਵਾਲ, ਅਮਰਜੀਤ ਗਿਰੀ, ਬਾਬਾ ਅਸਰੈਲ ਖਾਂ, ਸੁਰਜੀਤ ਸਿੰਘ ਰਾਮਸਰਾ ਸਾਬਕਾ ਸਰਪੰਚ ਆਦਿ ਵਿਸ਼ੇਸ਼ ਤੌਰ 'ਤੇ ਮੌਜੂਦ ਰਹੇ |