ਰਾਮਾਂ ਮੰਡੀ, 11 ਅਪ੍ਰੈਲ (ਤਰਸੇਮ ਸਿੰਗਲਾ): ਸ਼ੁੱਕਰਵਾਰ ਨੂੰ ਮਥੁਰਾ ਸ਼ਹਿਰ ਵਿਖੇ ਪਵਿੱਤਰ ਯਮੁਨਾ ਦਰਿਆ ਵਿਚ ਇੱਕ ਕਿਸ਼ਤੀ ਡੁੱਬਣ ਦੀ ਦੁਰਘਟਨਾ ਦੌਰਾਨ ਪੰਜਾਬ ਦੇ 10 ਸ਼ਰਧਾਲੂਆਂ ਦੀ ਦੁਖਦਾਈ ਮੌਤ ਹੋ ਜਾਣ ਨਾਲ ਸਮੁੱਚੇ ਪੰਜਾਬ ਵਿਚ ਸੋਗ ਦੀ ਲਹਿਰ ਦੌੜ ਗਈ ਹੈ | ਇਸ ਘਟਨਾ 'ਤੇ ਸੰਤ ਗਿਆਨ ਦਾਸ ਜੱਜਲ, ਮੀਡੀਆ ਸਲਾਹਕਾਰ ਪ੍ਰਚੀਨ ਉਦਾਸੀਨ ਮਹਾਮੰਡਲ ਪੰਜਾਬ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਇਹ ਹਾਦਸਾ ਬੇਹੱਦ ਦੁਖਦਾਈ ਅਤੇ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ | ਉਨ੍ਹਾਂ ਨੇ ਮਿ੍ਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਜਤਾਉਂਦਿਆਂ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਕਿ ਵਿੱਛੜੀਆਂ ਰੂਹਾਂ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖ਼ਸ਼ੇ ਅਤੇ ਦੁਖੀ ਪਰਿਵਾਰਾਂ ਨੂੰ ਇਸ ਦੁੱਖ ਨੂੰ ਸਹਿਣ ਕਰਨ ਦੀ ਤਾਕਤ ਦੇਵੇ | ਉਨ੍ਹਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਇਸ ਤਰ੍ਹਾਂ ਦੀਆਂ ਦੁਰਘਟਨਾਵਾਂ ਤੋਂ ਬਚਾਅ ਲਈ ਸਖ਼ਤ ਸੁਰੱਖਿਆ ਪ੍ਰਬੰਧ ਯਕੀਨੀ ਬਣਾਏ ਜਾਣ ਤਾਂ ਜੋ ਭਵਿੱਖ ਵਿਚ ਕਿਸੇ ਵੀ ਕੀਮਤੀ ਜਾਨ ਦਾ ਨੁਕਸਾਨ ਨਾ ਹੋਵੇ | ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਸਾਰੇ ਸਮਾਜ ਨੂੰ ਇਸ ਦੁੱਖ ਦੀ ਘੜੀ ਵਿਚ ਪੀੜਤ ਪਰਿਵਾਰਾਂ ਦੇ ਨਾਲ ਖੜ੍ਹਾ ਹੋਣਾ ਚਾਹੀਦਾ ਹੈ ਅਤੇ ਮਨੁੱਖਤਾ ਦੇ ਨਾਤੇ ਉਨ੍ਹਾਂ ਦੀ ਹਰ ਸੰਭਵ ਮਦਦ ਕਰਨੀ ਚਾਹੀਦੀ ਹੈ |