ਭੁੱਚੋ ਮੰਡੀ, 16 ਅਪ੍ਰੈਲ (ਪਰਵਿੰਦਰ ਸਿੰਘ ਜੌੜਾ)- ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਅੱਠਵੀਂ ਜਮਾਤ ਦੇ ਐਲਾਨੇ ਨਤੀਜੇ ਵਿਚ ਪੀ.ਐੱਮ ਸ਼੍ਰੀ ਸਰਕਾਰੀ ਕੰਨਿਆ ਹਾਈ ਸਕੂਲ ਭੁੱਚੋ ਮੰਡੀ (ਅੰਗਰੇਜ਼ੀ ਮਾਧਿਅਮ) ਦੀ ਵਿਦਿਆਰਥਣ ਲਕਸ਼ਿਤਾ ਪੁੱਤਰੀ ਕੇਵਲ ਕਿ੍ਸ਼ਨ ਨੇ 591/600 (98.5 ਫ਼ੀਸਦੀ) ਅੰਕ ਲੈ ਕੇ ਪੰਜਾਬ ਮੈਰਿਟ ਸੂਚੀ 'ਚੋਂ 49ਵਾਂ, ਜ਼ਿਲ੍ਹਾ ਬਠਿੰਡਾ 'ਚੋਂ ਤੀਜਾ ਅਤੇ ਬਲਾਕ ਰਾਮਪੁਰਾ 'ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਸੀ, ਨੂੰ ਸਨਮਾਨ ਵਜੋਂ ਖੁੱਲ੍ਹੀ ਜੀਪ ਵਿਚ ਬਿਠਾ ਕੇ ਸ਼ਹਿਰ ਦੀ ਗੇੜੀ ਲਵਾਈ ਗਈ ਅਤੇ ਸ਼ਹਿਰ ਵਾਸੀਆਂ ਨੇ ਇਸ ਹੋਣਹਾਰ ਬੱਚੀ ਦਾ ਭਰਵਾਂ ਸੁਆਗਤ ਕੀਤਾ | ਇਸ ਮੌਕੇ ਹਲਕਾ ਵਿਧਾਇਕ ਮਾ. ਜਗਸੀਰ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.) ਮਮਤਾ ਖੁਰਾਣਾ ਸੇਠੀ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਚਮਕੌਰ ਸਿੰਘ ਨੇ ਸਕੂਲ ਵਿਖੇ ਪਹੁੰਚ ਕੇ ਲਕਸ਼ਿਤਾ ਨੂੰ ਸਨਮਾਨਿਤ ਕੀਤਾ ਤੇ ਉਸ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ | ਉਨ੍ਹਾਂ ਸਕੂਲ ਸਟਾਫ਼ ਦੀ ਕਾਰਗੁਜ਼ਾਰੀ ਦੀ ਵੀ ਸ਼ਲਾਘਾ ਕੀਤੀ | ਉਨ੍ਹਾਂ ਬਾਕੀ ਬੱਚਿਆਂ ਨੂੰ ਵੀ ਲਕਸ਼ਿਤਾ ਤੋਂ ਪ੍ਰੇਰਨਾ ਲੈਣ ਦੀ ਤਾਕੀਦ ਕੀਤੀ | ਮੁੱਖ ਅਧਿਆਪਕਾ ਡਾ. ਗੁਰਪ੍ਰੀਤ ਕੌਰ ਨੇ ਵਿਧਾਇਕ ਸਣੇ ਸਿੱਖਿਆ ਅਧਿਕਾਰੀਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਬੱਚੀ ਲਕਸ਼ਿਤਾ ਜਿੰਨੀ ਦੇਰ ਇਸ ਸੰਸਥਾ ਦਾ ਹਿੱਸਾ ਰਹੇਗੀ, ਉਦੋਂ ਤੱਕ ਉਸ ਦੀ ਪੜ੍ਹਾਈ ਲਿਖਾਈ ਦੇ ਨਾਲ-ਨਾਲ ਉਸ ਦੀ ਹਰ ਪੱਖੋਂ ਮਦਦ ਕੀਤੀ ਜਾਵੇਗੀ | ਦੱਸ ਦਈਏ ਕਿ ਲਕਸ਼ਿਤਾ ਮਿਹਨਤਕਸ਼ ਪਰਿਵਾਰ ਨਾਲ ਸਬੰਧ ਰੱਖਦੀ ਹੈ ਅਤੇ ਸ਼ੁਰੂ ਤੋਂ ਹੀ ਪੜ੍ਹਾਈ ਵਿਚ ਹੁਸ਼ਿਆਰ ਹੈ |