ਸੁਭਾਨਪੁਰ, 16 ਅਪ੍ਰੈਲ (ਸਤਨਾਮ ਸਿੰਘ)-ਥਾਣਾ ਸੁਭਾਨਪੁਰ ਦੀ ਪੁਲਿਸ ਵਲੋਂ ਇਕ ਖ਼ਾਲੀ ਪਏ ਪਲਾਟ 'ਚੋਂ ਨਾਜਾਇਜ਼ ਸ਼ਰਾਬ ਬਰਾਮਦ ਕਰਨ ਦੀ ਖ਼ਬਰ ਹੈ | ਜਾਣਕਾਰੀ ਅਨੁਸਾਰ ਥਾਣਾ ਸੁਭਾਨਪੁਰ ਦੇ ਐਸ. ਐਚ. ਓ. ਹਰਜਿੰਦਰ ਸਿੰਘ ਨੇ ਦੱਸਿਆ ਕਿ ਐਕਸਾਈਜ਼ ਵਿਭਾਗ ਦੇ ਇੰਸਪੈਕਟਰ ਸਿਮਰਨਪ੍ਰੀਤ ਸਿੰਘ ਤੇ ਥਾਣਾ ਸੁਭਾਨਪੁਰ ਦੇ ਐਸ. ਆਈ. ਜਸਦੀਪ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਕਰਦੇ ਹੋਏ ਜਦੋਂ ਪਿੰਡ ਬੂਟ ਵਿਖੇ ਪਹੁੰਚੇ ਤਾਂ ਇਕ ਖ਼ਾਲੀ ਪਏ ਪਲਾਟ ਵਿਚ ਪੀਲਾ ਪਲਾਸਟਿਕ ਦਾ ਬੁਰਾ ਪਿਆ ਦੇਖਿਆ | ਪੁਲਿਸ ਪਾਰਟੀ ਵਲੋਂ ਬੋਰੇ ਦੀ ਖ਼ੋਲ ਕੇ ਜਦੋਂ ਜਾਂਚ ਕੀਤੀ ਗਈ ਤਾਂ ਉਸ 'ਚ ਦੋ ਲੀਟਰ ਦੀਆਂ 8 ਪਲਾਸਟਿਕ ਦੀਆਂ ਬੋਤਲਾਂ ਨਾਜਾਇਜ਼ ਦੇਸੀ ਸ਼ਰਾਬ ਨਾਲ ਭਰੀਆਂ ਹੋਈਆਂ ਬਰਾਮਦ ਹੋਈਆਂ | ਬੋਤਲਾਂ ਨੂੰ ਖ਼ੋਲ ਕੇ ਇਕ ਟੱਪ 'ਚ ਪਾ ਕੇ ਜਦੋਂ ਉਨ੍ਹਾਂ ਦੀ ਮਿਣਤੀ ਕੀਤੀ ਗਈ ਤਾਂ 12 ਹਜ਼ਾਰ ਮਿਲੀ ਲੀਟਰ ਸ਼ਰਾਬ ਬਰਾਮਦ ਕੀਤੀ ਗਈ | ਥਾਣਾ ਮੁਖੀ ਹਰਜਿੰਦਰ ਸਿੰਘ ਨੇ ਦੱਸਿਆ ਕਿ ਅਣਪਛਾਤੇ ਵਿਅਕਤੀ ਦੇ ਖ਼ਿਲਾਫ਼ ਥਾਣਾ ਸੁਭਾਨਪੁਰ ਵਿਖੇ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ |