ਬਠਿੰਡਾ, 18 ਅਪ੍ਰੈਲ (ਪ੍ਰੀਤਪਾਲ ਸਿੰਘ ਰੋਮਾਣਾ)- ਥਾਣਾ ਕੋਤਵਾਲੀ ਪੁਲਿਸ ਵਲੋਂ ਇਕ ਹੋਟਲ 'ਚ ਛਾਪੇਮਾਰੀ ਕਰਦੇ ਹੋਏ ਜਿਸਮਫ਼ਰੋਸ਼ੀ ਦਾ ਧੰਦਾ ਕਰਨ ਦੇ ਮਾਮਲੇ 'ਚ ਪੰਜ ਲੋਕਾਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਜਦਕਿ ਹੋਟਲ ਦਾ ਸੰਚਾਲਕ ਅਤੇ ਦੋ ਹੋਰ ਦਲਾਲ ਮੌਕੇ 'ਤੋ ਫ਼ਰਾਰ ਹੋ ਗਏ ਹਨ | ਪੁਲਿਸ ਨੇ ਮੌਕੇ ਤੋਂ ਤਿੰਨ ਲੜਕੀਆਂ ਦਾ ਰੈਸਕਿਊ ਕਰਕੇ ਉਨ੍ਹ੍ਹਾਂ ਦੇ ਪਰਿਵਾਰ ਹਵਾਲੇ ਕਰ ਦਿੱਤਾ ਹੈ | ਗਿ੍ਫ਼ਤਾਰ ਕੀਤੇ ਗਏ ਗ੍ਰਾਹਕਾਂ ਦੀ ਪਹਿਚਾਣ ਪ੍ਰਦੀਪ ਕੁਮਾਰ ਵਾਸੀ ਬਠਿੰਡਾ, ਵਿਕਾਸ ਸਿੰਗਲਾ ਵਾਸੀ ਬਠਿੰਡਾ, ਪਵਨ ਕੁਮਾਰ ਵਾਸੀ ਰਾਮਾਂ ਮੰਡੀ, ਮਹੇਸ਼ ਕੁਮਾਰ ਅਤੇ ਮੁਕੇਸ਼ ਗੁਪਤਾ ਵਾਸੀ ਆਗਰਾ ਯੂਪੀ ਵਜੋਂ ਹੋਈ ਹੈ | ਜਦਕਿ ਫ਼ਰਾਰ ਹੋਏ ਹੋਟਲ ਸੰਚਾਲਕ ਦੀ ਪਹਿਚਾਣ ਬਲਜਿੰਦਰ ਸਿੰਘ ਉਰਫ਼ ਬਿੱਲਾ ਵਜੋਂ ਹੋਈ, ਉਸ ਦੇ ਨਾਲ ਦੋ ਦਲਾਲਾਂ ਦੀ ਪਹਿਚਾਣ ਹੈਪੀ ਅਤੇ ਵਿੱਕੀ ਵਜੋਂ ਹੋਈ ਹੈ | ਇਸ ਮਾਮਲੇ ਸਬੰਧੀ ਥਾਣਾ ਕੋਤਵਾਲੀ ਦੇ ਐਸ.ਐਚ.ਓ.ਪਰਮਿੰਦਰ ਸਿੰਘ ਨੇ ਦੱਸਿਆ ਕਿ ਉਨ੍ਹ੍ਹਾਂ ਵਲੋਂ ਗੁਪਤ ਸੂਚਨਾ ਮਿਲੀ ਸੀ, ਕਿ ਮਾਲ ਰੋਡ ਸਥਿਤ ਹੋਟਲ ਬਾਹੀਆ ਫੋਰਟ ਦਾ ਸੰਚਾਲਕ ਬਲਜਿੰਦਰ ਸਿੰਘ ਉਰਫ਼ ਬਿੱਲਾ ਕਿੱਟੀ ਪਾਰਟੀ ਦੇ ਬਹਾਨੇ ਗ੍ਰਾਹਕਾਂ ਨੂੰ ਅੱਗੇ ਸ਼ਰਾਬ ਦੇ ਇਲਾਵਾ ਡਾਂਸ ਬਾਰ 'ਚ ਕੰਮ ਕਰਨ ਵਾਲੀਆਂ ਲੜਕੀਆਂ ਮੁਹੱਈਆ ਕਰਵਾਉਂਦਾ ਹੈ ਅਤੇ ਉਨ੍ਹ੍ਹਾਂ ਨਾਲ ਜਿਸਮਫ਼ਰੋਸ਼ੀ ਕਰਵਾਈ ਜਾਂਦੀ ਹੈ | ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਛਾਪੇਮਾਰੀ ਕਰਦੇ ਹੋਏ ਪੰਜ ਗ੍ਰਾਹਕਾਂ ਨੂੰ ਕਾਬੂ ਕੀਤਾ ਗਿਆ ਹੈ | ਇਸ ਦੌਰਾਨ ਉਨ੍ਹ੍ਹਾਂ ਤਿੰਨ ਲੜਕੀਆਂ ਦਾ ਰੈਸਕਿਉ ਕਰਕੇ ਉਨ੍ਹ੍ਹਾਂ ਦੇ ਪਰਿਵਾਰ ਨੂੰ ਸੌਂਪ ਦਿੱਤਾ ਗਿਆ ਹੈ | ਫ਼ਰਾਰ ਹੋਏ ਹੋਟਲ ਸੰਚਾਲਕ ਬਿੱਲਾ ਅਤੇ ਉਸ ਦੇ ਦੋ ਸਾਥੀ ਹੈਪੀ ਅਤੇ ਵਿੱਕੀ ਦੀ ਗਿ੍ਫ਼ਤਾਰੀ ਲਈ ਪੁਲਿਸ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ |