ਰਾਮਪੁਰਾ ਫੂਲ, 2 ਮਈ (ਨਰਪਿੰਦਰ ਧਾਲੀਵਾਲ)-ਇਸ ਇਲਾਕੇ ਦੇ ਨਾਮਵਰ ਮਨਜੀਤ ਸਿੰਘ ਬਿੱਟੀ ਤੇ ਬਲਜੀਤ ਸਿੰਘ ਡਿੰਪੀ ਨੂੰ ਉਸ ਵਕਤ ਗਹਿਰਾ ਸਦਮਾ ਲੱਗਿਆ ਜਦ ਮਾਤਾ ਸੁਖਦੇਵ ਕੌਰ ਪਤਨੀ ਸਵ: ਮਹਿੰਦਰ ਸਿੰਘ ਸੇਲਬਰਾਹਈਆ, ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦਿਆਂ ਪਰਮਾਤਮਾ ਦੇ ਚਰਨਾਂ ਵਿਚ ਜਾ ਬਿਰਾਜੇ | ਬਹੁਤ ਹੀ ਦਲੇਰ ਅਤੇ ਦੂਰਅੰਦੇਸ਼ੀ ਵਾਲੀ ਸ਼ਖ਼ਸੀਅਤ ਮਾਤਾ ਦਾ ਜੀਵਨ ਆਉਣ ਵਾਲੀ ਪੀੜ੍ਹੀ ਲਈ ਇਕ ਮਿਸਾਲ ਹੈ | ਉਨ੍ਹਾਂ ਦੇ ਪੁੱਤਰ ਮਨਜੀਤ ਸਿੰਘ ਬਿੱਟੀ ਜੋ ਕਿ ਇਕ ਪ੍ਰਸਿੱਧ ਕਾਰੋਬਾਰੀ ਹੋਣ ਦੇ ਨਾਲ-ਨਾਲ ਆਮ ਆਦਮੀ ਪਾਰਟੀ ਦੇ ਆਗੂ ਵਜੋਂ ਰਾਮਪੁਰਾ ਫੂਲ ਤੋਂ ਚੋਣ ਲੜ ਚੁੱਕੇ ਹਨ ਅਤੇ ਦਲਜੀਤ ਸਿੰਘ ਡਿੰਪੀ ਕਮਰਸ਼ੀਅਲ ਪਾਇਲਟ ਤੇ ਅਮਰੀਕਾ ਦੇ ਸਫ਼ਲ ਕਾਰੋਬਾਰੀ ਹਨ, ਨੇ ਹਮੇਸ਼ਾ ਲੋੜਵੰਦਾਂ ਦੀ ਮੱਦਦ ਕੀਤੀ ਅਤੇ ਅਨੇਕਾਂ ਗ਼ਰੀਬ ਪਰਿਵਾਰਾਂ ਦੀਆਂ ਧੀਆਂ ਦੇ ਵਿਆਹ ਕਰਵਾ ਕੇ ਪੁੰਨ ਦਾ ਕੰਮ ਕੀਤਾ | ਭਾਵੇਂ ਉਹ ਲੰਬੇ ਸਮੇਂ ਤੋਂ ਰਾਮਪੁਰਾ ਫੂਲ ਵਿਖੇ ਰਹਿ ਰਹੇ ਸਨ ਪਰ ਆਪਣੀ ਅੰਤਿਮ ਇੱਛਾ ਮੁਤਾਬਿਕ ਉਨ੍ਹਾਂ ਦਾ ਸਸਕਾਰ ਸਹੁਰੇ ਪਿੰਡ ਸੇਲਬਰਾਹ ਵਿਖੇ ਹੀ ਕੀਤਾ ਗਿਆ, ਜਿੱਥੇ ਉਨ੍ਹਾਂ ਦੇ ਪਤੀ ਮਹਿੰਦਰ ਸਿੰਘ ਦਾ ਸਸਕਾਰ ਹੋਇਆ ਸੀ | ਮਾਤਾ ਦੇ ਵਿਛੋੜੇ 'ਤੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਉਣ ਲਈ ਪੰਜਾਬ ਦੀਆਂ ਪ੍ਰਮੁੱਖ ਹਸਤੀਆਂ ਪਹੁੰਚੀਆਂ ਜਿਨ੍ਹਾਂ ਵਿੱਚ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ, ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ, ਅਮਰਿੰਦਰ ਸਿੰਘ ਰਾਜਾ ਵੜਿੰਗ (ਪ੍ਰਧਾਨ ਪੰਜਾਬ ਕਾਂਗਰਸ), ਰੋਜ਼ੀ ਬਰਕੰਦੀ, ਡੀ. ਆਈ. ਜੀ. ਹਰਮਨਵੀਰ ਸਿੰਘ ਗਿੱਲ, ਡੀ. ਆਈ. ਜੀ. ਗੁਰਮੀਤ ਸਿੰਘ ਚੌਹਾਨ, ਉਦਯੋਗਪਤੀ ਰਜਿੰਦਰ ਸਟੈਲਕੋ, ਰਾਕੇਸ਼ ਸਹਾਰਾ, ਪਰਵੀਨ ਸਿੰਪੀ, ਨਿਨੀ ਬਾਂਸਲ, ਸ਼ਸ਼ੀ ਸਿੰਗਲਾ, ਸੱਸੀ ਭੂਸ਼ਣ ਅਤੇ ਭਾਜਪਾ ਦੇ ਸੀਨੀਅਰ ਆਗੂ ਜਗਦੀਪ ਸਿੰਘ ਨਕਈ ਸਮੇਤ ਵੱਡੀ ਗਿਣਤੀ 'ਚ ਇਲਾਕੇ ਦੇ ਪਤਵੰਤੇ ਸੱਜਣ ਸ਼ਾਮਲ ਹਨ |