ਬੁਢਲਾਡਾ,(ਸਵਰਨ ਸਿੰਘ ਰਾਹੀ)- ਬੁਢਲਾਡਾ ਸ਼ਹਿਰ ਦੀ ਸੌ ਫ਼ੀਸਦੀ ਨੇਤਰਹੀਣ ਰਮਨਦੀਪ ਕੌਰ ਪੁੱਤਰੀ ਬਿੱਲੂ ਸਿੰਘ ਆਪਣੀ ਮਾਂ ਦੀ ਹਿੰਮਤ ਤੇ ਦਲੇਰੀ ਨਾਲ ਕੀਤੀ ਪਰਵਰਿਸ਼ ਨੂੰ ਹੀ ਆਪਣਾ ਆਦਰਸ਼ ਮੰਨਦੀ ਹੈ | ਸਰੀਰਕ ਪੱਖੋਂ ਪੂਰੇ ਨਾ ਹੋਣ ਦੇ ਬਾਵਜੂਦ ਕੁਦਰਤੀ ਮਾਰ ਨੂੰ ਸਿਰ ਮੱਥੇ ਸਵੀਕਾਰਦਿਆਂ ਰਮਨਦੀਪ ਆਖਦੀ ਹੈ ਉਸ ਨੇ ਆਪਣੇ ਮਾਪਿਆਂ, ਖ਼ਾਸ ਕਰ ਕੇ ਮਾਤਾ ਸ਼ਿੰਦਰ ਕੌਰ ਦੀ ਮਿਹਨਤ ਸਦਕਾ ਹੀ ਨਵੇਂ ਕੀਰਤੀਮਾਨ ਸਥਾਪਤ ਕੀਤੇ ਹਨ | ਇਨੀਂ ਦਿਨੀਂ ਨਗਰ ਨਿਗਮ ਬਰਨਾਲਾ ਵਿਖੇ ਸੀਨੀਅਰ ਸਹਾਇਕ ਵਜੋਂ ਸੇਵਾਵਾਂ ਨਿਭਾਅ ਰਹੀ ਸਥਾਨਕ ਸ਼ਹਿਰ ਦੇ ਮਜ਼ਦੂਰ ਪਰਿਵਾਰ ਦੀ ਪੁੱਤਰੀ ਰਮਨਦੀਪ ਮਾਪਿਆਂ 'ਤੇ ਮਾਣ ਮਹਿਸੂਸ ਕਰਦੀ ਦੱਸਦੀ ਹੈ ਕਿ ਦੋਵੇਂ ਅੱਖਾਂ ਦੀ ਜੋਤ ਨਾ ਹੋਣ ਦੇ ਬਾਵਜੂਦ ਵੀ ਉਸ ਦੇ ਮਾਪਿਆਂ ਵਲੋਂ ਘਾਲੀ ਘਾਲਣਾ ਸਦਕਾ ਉਸ ਨੇ ਐਮ. ਏ. (ਰਾਜਨੀਤੀ ਸ਼ਾਸਤਰ) ਪਾਸ ਕੀਤੀ ਅਤੇ ਯੂ. ਜੀ. ਸੀ. ਨੈੱਟ ਦੀ ਪ੍ਰੀਖਿਆ ਪਾਸ ਕਰ ਕੇ 'ਜਾਤੀਵਾਦ ਅਤੇ ਰਾਜਨੀਤੀ' ਵਿਸ਼ੇ 'ਤੇ ਪੀ. ਐਚ. ਡੀ. ਕਰਨ ਦੇ ਨਾਲ-ਨਾਲ ਉਹ ਦੇਸ਼ ਦੀ ਉਚ ਕੋਟੀ ਦੀ ਯੂ. ਪੀ. ਐਸ. ਸੀ. ਮੁਕਾਬਲਾ ਪ੍ਰੀਖਿਆ ਦੀ ਤਿਆਰੀ ਕਰ ਰਹੀ ਹੈ | ਨੇਤਰਹੀਣ ਹੋਣ ਕਰ ਕੇ ਉਸ ਨੂੰ 24 ਘੰਟੇ ਕਿਸੇ ਨਾ ਕਿਸੇ ਸਹਾਰੇ ਦੀ ਜ਼ਰੂਰਤ ਪੈਂਦੀ ਸੀ ਪਰ ਉਸ ਨੂੰ ਆਪਣੀ ਮਾਂ ਦੇ ਹੁੰਦਿਆਂ ਕਦੇ ਵੀ ਕਿਸੇ ਵਿਸ਼ੇਸ਼ ਸਹਾਰੇ ਦੀ ਲੋੜ ਮਹਿਸੂਸ ਨਹੀਂ ਹੋਈ | ਮਾਤਾ ਸ਼ਿੰਦਰ ਕੌਰ ਦੱਸਦੀ ਹੈ ਕਿ ਜਨਮ ਤੋਂ ਹੀ ਪੂਰੀ ਤਰਾਂ ਨੇਤਰਹੀਣ ਬੇਟੀ ਦੇ 4-5 ਸਾਲ ਦੀ ਹੋਣ 'ਤੇ ਉਸ ਨੂੰ ਪੜਨੇ ਪਾਉਣ ਲਈ ਕੁਝ ਸਕੂਲਾਂ 'ਚ ਗਏ ਪਰ ਹਰ ਇਕ ਨੇ ਇਸ ਨੂੰ ਦਾਖਲਾ ਦੇਣ ਤੋਂ ਇਨਕਾਰ ਕਰ ਦਿੱਤਾ ਪਰ ਉਨਾਂ ਦੇ ਘਰ ਨਜ਼ਦੀਕ ਸਰਕਾਰੀ ਪ੍ਰਾਇਮਰੀ ਸਕੂਲ 'ਚ ਦਾਖਲਾ ਮਿਲ ਗਿਆ, ਉਸ ਸਮੇਂ ਹੀ ਉਸ ਨੇ ਮਨ ਬਣਾ ਲਿਆ ਕੇ ਉਹ ਆਮ ਬੱਚਿਆਂ ਵਾਂਗ ਨੇਤਰਹੀਣ ਪੁੱਤਰੀ ਦੇ ਵੀ ਸਾਰੇ ਸੁਪਨੇ ਪੂਰੇ ਕਰੇਗੀ | ਪਰਿਵਾਰ ਦੇ ਸਹਿਯੋਗ ਅਤੇ ਆਪਣੀ ਮਿਹਨਤ ਨਾਲ ਰਮਨਦੀਪ ਅੱਠਵੀਂ ਤੱਕ ਪਾਸ ਕਰਨ ਉਪਰੰਤ ਪਟਿਆਲਾ ਵਿਖੇ ਬਲਾਂਇੰਡ ਸਕੂਲ ਤੋਂ 12ਵੀ ਅਤੇ ਚੰਡੀਗੜ ਦੇ ਡੀ. ਏ. ਵੀ. ਕਾਲਜ ਤੋਂ ਬੀ. ਏ. ਅਤੇ ਪੰਜਾਬ ਯੂਨੀਵਰਸਿਟੀ ਤੋਂ ਐਮ.ਏ. (ਰਾਜਨੀਤੀ ਸ਼ਾਸਤਰ) ਪਾਸ ਕਰ ਕੇ ਯੂ. ਜੀ. ਸੀ. ਨੈੱਟ ਦੀ ਪ੍ਰੀਖਿਆ ਪਹਿਲੇ ਵਾਰ 'ਚ ਹੀ ਪਾਸ ਕਰਨ 'ਚ ਸਫਲ ਹੋ ਸਕੀ ਹੈ | ਰਮਨਦੀਪ ਦੇ ਨਾਲ ਨਾਲ ਉਸ ਦਾ ਬਾਕੀ ਪਰਿਵਾਰ ਵੀ ਉਸ ਦੀ ਮਾਤਾ ਵਲੋਂ ਘਾਲੀ ਘਾਲਣਾ ਨੂੰ ਸਲਾਮ ਕਰਦਾ ਹੈ |