ਭੁੱਚੋ ਮੰਡੀ, 16 ਮਈ (ਪਰਵਿੰਦਰ ਸਿੰਘ ਜੌੜਾ)- ਇਕਲੌਤੇ ਪੁੱਤਰ 'ਤੇ ਹੋਏ ਜਾਨਲੇਵਾ ਹਮਲੇ ਉਪਰੰਤ ਭਰੇ ਮਨ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨਰਦੀਪ ਗਰਗ ਨੇ ਨਗਰ ਕੌਂਸਲ ਭੁੱਚੋ ਦੇ ਵਾਰਡ ਨੰਬਰ-2 ਤੋਂ ਨਾਮਜਦਗੀ ਪੱਤਰ ਦਾਖ਼ਲ ਕੀਤੇ | ਇਸ ਤੋਂ ਪਹਿਲਾਂ ਗੰਭੀਰ ਹਾਲਤ ਵਿਚ ਜ਼ਖ਼ਮੀ ਪੁੱਤਰ ਨੂੰ ਸੰਭਾਲਣ ਲਈ ਉਨ੍ਹਾਂ ਚੋਣ ਨਾ ਲੜਨ ਦਾ ਮਨ ਬਣਾ ਲਿਆ ਸੀ, ਪ੍ਰੰਤੂ ਵੱਡੀ ਗਿਣਤੀ ਵਿਚ ਸਮਰਥਕਾਂ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿੱਪ ਵਲੋਂ ਹੌਂਸਲਾ ਦੇਣ ਉਪਰੰਤ ਉਨ੍ਹਾਂ ਭਰੇ ਮਨ ਨਾਲ ਕਾਗਜ਼ ਦਾਖ਼ਲ ਕੀਤੇ | ਇਸ ਮੌਕੇ ਉਨ੍ਹਾਂ ਨਾਲ ਕਾਗਜ਼ ਦਾਖ਼ਲ ਕਰਾਉਣ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਬਠਿੰਡਾ (ਦਿਹਾਤੀ) ਦੇ ਪ੍ਰਧਾਨ ਜਗਸੀਰ ਸਿੰਘ ਕਲਿਆਣ ਅਤੇ ਵਿਧਾਨ ਸਭਾ ਹਲਕਾ ਭੁੱਚੋ (ਰਾਖਵਾਂ) ਤੋਂ ਸ਼੍ਰੋਮਣੀ ਅਕਾਲੀ ਦਲ ਦੇ 2027 ਲਈ ਉਮੀਦਵਾਰ ਡਾ. ਦਲਜੀਤ ਸਿੰਘ ਗੁਰੂ ਨੇ 'ਅਜੀਤ' ਨਾਲ ਵਿਸ਼ੇਸ਼ ਵਾਰਤਾ ਦੌਰਾਨ ਨਰਦੀਪ ਗਰਗ ਦੇ ਪੁੱਤਰ 'ਤੇ ਹੋਏ ਜਾਨਲੇਵਾ ਹਮਲੇ ਦੀ ਜ਼ੋਰਦਾਰ ਨਿੰਦਾ ਕੀਤੀ ਅਤੇ ਕਿਹਾ ਕਿ ਭੁੱਚੋ ਨਗਰ ਕੌਂਸਲ ਚੋਣਾਂ ਦੇ ਇਤਿਹਾਸ ਵਿਚ ਇਹ ਪਹਿਲੀ ਘਿਣਾਉਣੀ ਘਟਨਾ ਹੈ, ਜਿਸ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ | ਇਸ ਮੌਕੇ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਸੁਨੀਲ ਗਰਗ ਵੀ ਮੌਜੂਦ ਸਨ |