ਰਾਮਾਂ ਮੰਡੀ, 24 ਮਈ (ਤਰਸੇਮ ਸਿੰਗਲਾ): ਰਾਮਾਂ ਮੰਡੀ ਦੇ ਵਾਰਡ ਨੰਬਰ-14 ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਰੁਚਿਕਾ ਗੋਇਲ ਪਤਨੀ ਬੰਟੀ ਗਰਗ ਨੂੰ ਅੱਜ ਵਾਰਡ ਦੇ ਲੋਕਾਂ ਵਲੋਂ ਇੱਕ ਵੱਡਾ ਇਕੱਠ ਕਰਕੇ ਕੇਲਿਆਂ ਨਾਲ ਤੋਲਿਆ ਗਿਆ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਹਲਕਾ ਵਿਧਾਇਕਾ ਕੈਬਨਿਟ ਰੈਂਕ ਪ੍ਰੋਫੈਸਰ ਬਲਜਿੰਦਰ ਕੌਰ ਨੇ ਸ਼ਿਰਕਤ ਕੀਤੀ ਅਤੇ ਸਮੂਹ ਵਾਰਡਾਂ ਵਿਚ ਚੋਣ ਲੜ ਰਹੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਵਿਚੋਂ ਸੱਭ ਤੋਂ ਵੱਧ ਵੋਟਾਂ 'ਤੇ ਜਿਤਾਉਣ ਵਾਲੇ ਵਾਰਡ ਨੂੰ ਆਪਣੇ ਵਲੋਂ ਇੱਕ ਕਰੋੜ ਦੀ ਗ੍ਰਾਂਟ ਵੱਖਰੀ ਦੇਣ ਦਾ ਐਲਾਨ ਕੀਤਾ | ਇਸ ਤੋਂ ਇਲਾਵਾ ਸ਼ਹਿਰ ਦੇ ਹਿੰਦੂ ਸਕੂਲ ਵਲੋਂ ਫ਼ੀਸਾਂ ਵਿਚ ਕੀਤਾ ਗਿਆ, ਵਾਧਾ ਵਾਪਸ ਲੈਣ ਦਾ ਵੀ ਐਲਾਨ ਕੀਤਾ | ਉਨ੍ਹਾਂ ਲੋਕਾਂ ਨੂੰ ਸਮੂਹ ਵਾਰਡਾਂ ਦੇ ਚਹੁੰਪੱਖੀ ਵਿਕਾਸ ਲਈ ਆਪ ਉਮੀਦਵਾਰਾਂ ਨੂੰ ਜਿਤਾਉਣ ਲਈ ਝਾੜੂ ਦੇ ਨਿਸ਼ਾਨ 'ਤੇ ਮੋਹਰਾਂ ਲਾਉਣ ਲਈ ਬੇਨਤੀ ਕੀਤੀ | ਇਸ ਮੌਕੇ ਉਮੀਦਵਾਰ ਰੁਚਿਕਾ ਗੋਇਲ ਅਤੇ ਬੰਟੀ ਗਰਗ ਨੇ ਹਾਜ਼ਰ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਨੂੰ ਵਾਰਡ ਦੇ ਲੋਕਾਂ 'ਤੇ ਪੂਰਾ ਭਰੋਸਾ ਹੈ ਕਿ ਵਾਰਡ ਦੇ ਲੋਕ ਵੱਡੀ ਗਿਣਤੀ ਵਿਚ ਝਾੜੂ ਦੇ ਚੋਣ ਨਿਸ਼ਾਨ 'ਤੇ ਮੋਹਰਾਂ ਲਗਾ ਕੇ ਵਿਧਾਇਕਾ ਵਲੋਂ ਐਲਾਨੀ ਗਈ ਇੱਕ ਕਰੋੜ ਦੀ ਵੱਖਰੀ ਗ੍ਰਾਂਟ ਦੇ ਉਹ ਹੱਕਦਾਰ ਬਣਨਗੇ | ਇਸ ਮੌਕੇ ਵਾਰਡ ਦੇ ਆਮ ਲੋਕਾਂ ਤੋਂ ਇਲਾਵਾ ਮੁਰਾਰੀ ਲਾਲ ਪੈਸੀਆਂ, ਰਵੀ ਚੌਹਾਨ, ਰਜਿੰਦਰ ਜੈਨ, ਕਪਿਲ ਚਲਾਣਾ, ਬੰਸੀ ਗਰੋਵਰ, ਹੈਪੀ ਗਰੋਵਰ, ਡਾ. ਸੋਹਨ ਲਾਲ ਕਲਿਆਣੀ, ਤਰਸੇਮ ਚੰਦ ਪ੍ਰਧਾਨ ਤਲਵੰਡੀ ਸਾਬੋ, ਕੁਲਦੀਪ ਸਿੰਘ ਸਰਪੰਚ ਬੰਗੀ ਆਦਿ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |