ਬਠਿੰਡਾ, 25 ਮਈ (ਵੀਰਪਾਲ ਸਿੰਘ)- ਬਠਿੰਡਾ ਪੁਲਿਸ ਵਲੋਂ ਮੋਟਰਸਾਈਕਲ ਚੋਰੀ ਕਰਕੇ ਅੱਗੇ ਵੇਚਣ ਦੇ ਆਦੀ ਇਕ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ, ਜਿਸ ਪਾਸੋਂ ਚੋਰੀ ਕੀਤਾ ਹੋਇਆ ਇਕ ਬਗੈਰ ਨੰਬਰੀ ਮੋਟਰਸਾਈਕਲ ਬਰਾਮਦ ਕਰ ਲਿਆ ਗਿਆ ਹੈ | ਇਸ ਮਾਮਲੇ ਵਿਚ ਤਫ਼ਤੀਸ਼ੀ ਪੁਲਿਸ ਅਧਿਕਾਰੀ ਮਨਜੀਤ ਸਿੰਘ ਵਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਥਾਣਾ ਕੋਤਵਾਲੀ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਦਾਣਾ ਮੰਡੀ ਬਠਿੰਡਾ ਪਾਸੋਂ ਇਕ ਮੋਟਰਸਾਈਕਲ ਚੋਰੀ ਕਰਕੇ ਅੱਗੇ ਵੇਚਣ ਦੇ ਆਦੀ ਵਿਅਕਤੀ ਨੂੰ ਗਿ੍ਫ਼ਤਾਰ ਕਰ ਉਸ ਕੋਲੋਂ ਬਿਨ੍ਹਾਂ ਨੰਬਰੀ ਮੋਟਰ ਸਾਈਕਲ ਬਰਾਮਦ ਕਰ ਲਿਆ ਗਿਆ | ਪੁਲਿਸ ਅਨੁਸਾਰ ਗਿ੍ਫ਼ਤਾਰ ਕੀਤੇ ਗਏ ਵਿਅਕਤੀ ਦੀ ਪਹਿਚਾਣ ਬਲਵਿੰਦਰ ਸਿੰਘ ਵਾਸੀ ਭਾਗੀਵਾਂਦਰ ਵਜੋਂ ਹੋਈ ਹੈ, ਜਿਸ 'ਤੇ ਥਾਣਾ ਕੋਤਵਾਲੀ ਵਿਖੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ |