ਮਹਿਰਾਜ, 29 ਮਈ (ਸੁਖਪਾਲ ਮਹਿਰਾਜ): ਨਗਰ ਪੰਚਾਇਤ ਮਹਿਰਾਜ ਚੋਣਾਂ ਦੇ ਨਤੀਜਿਆਂ ਨੇ ਕਾਂਗਰਸ ਪਾਰਟੀ ਲਈ ਵੱਡਾ ਸਿਆਸੀ ਝਟਕਾ ਸਾਬਤ ਹੋਏ ਹਨ | ਚੋਣ ਮੈਦਾਨ ਵਿਚ ਉਤਰੇ ਕਾਂਗਰਸ ਦੇ ਉਮੀਦਵਾਰ ਇੱਕ ਵੀ ਸੀਟ ਜਿੱਤਣ ਵਿਚ ਕਾਮਯਾਬ ਨਾ ਹੋ ਸਕੇ ਅਤੇ ਪਾਰਟੀ ਦਾ ਖਾਤਾ ਤੱਕ ਨਹੀਂ ਖੁੱਲ ਸਕਿਆ | ਨਤੀਜਿਆਂ ਤੋਂ ਬਾਅਦ ਕਾਂਗਰਸ ਵਰਕਰਾਂ ਅਤੇ ਆਗੂਆਂ ਵਿਚ ਨਿਰਾਸ਼ਾ ਦਾ ਮਾਹੌਲ ਦੇਖਣ ਨੂੰ ਮਿਲਿਆ | ਪਾਰਟੀ ਦੇ ਇੱਕ ਸੀਨੀਅਰ ਕਾਂਗਰਸੀ ਆਗੂ ਨੇ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਕਿਹਾ ਕਿ ਇਹ ਹਾਰ ਸਿਰਫ਼ ਉਮੀਦਵਾਰਾਂ ਦੀ ਨਹੀਂ, ਸਗੋਂ ਪਾਰਟੀ ਅੰਦਰਲੀ ਗੁੱਟਬਾਜ਼ੀ ਅਤੇ ਅਣਦੇਖੀ ਦਾ ਨਤੀਜਾ ਹੈ | ਆਗੂ ਨੇ ਦੋਸ਼ ਲਗਾਇਆ ਕਿ ਸਾਬਕਾ ਕੈਬਨਿਟ ਮੰਤਰੀ ਵਲੋਂ ਲੰਮੇ ਸਮੇਂ ਤੋਂ ਕਾਂਗਰਸ ਦੇ ਸੀਨੀਅਰ ਅਤੇ ਵਫ਼ਾਦਾਰ ਆਗੂਆਂ ਨੂੰ ਅੱਖੋਂ-ਪਰੋਖੇ ਕੀਤਾ ਜਾ ਰਿਹਾ ਸੀ | ਜਿਨ੍ਹਾਂ ਵਰਕਰਾਂ ਨੇ 25 ਸਾਲ ਪਾਰਟੀ ਦਾ ਝੰਡਾ ਚੁੱਕਿਆ, ਉਨ੍ਹਾਂ ਨੂੰ ਪਿੱਛੇ ਧੱਕ ਕੇ ਦੂਜੀਆਂ ਪਾਰਟੀਆਂ ਤੋਂ ਆਏ ਚਿਹਰਿਆਂ ਨੂੰ ਤਰਜੀਹ ਦਿੱਤੀ ਗਈ, ਜਿਸ ਦਾ ਖ਼ਮਿਆਜ਼ਾ ਹੁਣ ਚੋਣ ਨਤੀਜਿਆਂ ਵਿਚ ਸਾਹਮਣੇ ਆ ਗਿਆ | ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਕਈ ਪੁਰਾਣੇ ਕਾਂਗਰਸੀ ਆਗੂ ਅਤੇ ਵਰਕਰ ਪਾਰਟੀ ਗਤੀਵਿਧੀਆਂ ਤੋਂ ਦੂਰ ਰਹੇ, ਜਿਸ ਦਾ ਸਿੱਧਾ ਨੁਕਸਾਨ ਉਮੀਦਵਾਰਾਂ ਨੂੰ ਝੱਲਣਾ ਪਿਆ | ਉਨ੍ਹਾਂ ਦੇ ਅਨੁਸਾਰ ਜੇ ਪਾਰਟੀ ਅੰਦਰ ਸਮੇਂ ਸਿਰ ਏਕਤਾ ਬਣਾਈ ਜਾਂਦੀ ਅਤੇ ਤਜਰਬੇਕਾਰ ਆਗੂਆਂ ਨੂੰ ਨਾਲ ਲੈ ਕੇ ਚੱਲਿਆ ਜਾਂਦਾ ਤਾਂ ਨਤੀਜੇ ਵੱਖਰੇ ਹੋ ਸਕਦੇ ਸਨ | ਚੋਣ ਨਤੀਜਿਆਂ ਤੋਂ ਬਾਅਦ ਹੁਣ ਮਹਿਰਾਜ ਦੀ ਸਿਆਸਤ ਵਿਚ ਇਹ ਚਰਚਾ ਤੇਜ਼ ਹੋ ਗਈ ਹੈ ਕਿ ਕਾਂਗਰਸ ਨੂੰ ਆਉਣ ਵਾਲੇ ਸਮੇਂ ਵਿਚ ਆਪਣੀ ਅੰਦਰੂਨੀ ਰਣਨੀਤੀ ਅਤੇ ਪਾਰਟੀ ਦੀ ਅਗਵਾਈ 'ਤੇ ਮੁੜ ਵਿਚਾਰ ਕਰਨਾ ਪਵੇਗਾ, ਨਹੀਂ ਤਾਂ ਪਾਰਟੀ ਲਈ ਹਾਲਾਤ ਹੋਰ ਮੁਸ਼ਕਿਲ ਹੋ ਸਕਦੇ ਹਨ |