ਰਾਮਾਂ ਮੰਡੀ, 13 ਜੂਨ (ਤਰਸੇਮ ਸਿੰਗਲਾ)- ਪਿੰਡ ਸੁਖਲੱਧੀ ਦੀ ਸਰਪੰਚ ਸ੍ਰੀਮਤੀ ਸੁਖਪ੍ਰੀਤ ਕੌਰ ਨੂੰ ਪੰਚਾਇਤੀ ਜ਼ਮੀਨ 'ਤੇ ਨਾਜਾਇਜ਼ ਕਬਜ਼ਾ ਕਰਨ ਦੇ ਦੋਸ਼ ਸਾਬਤ ਹੋਣ ਉਪਰੰਤ ਪੰਜਾਬ ਪੰਚਾਇਤੀ ਰਾਜ ਐਕਟ, 1994 ਦੀ ਧਾਰਾ 20(4) ਤਹਿਤ ਤੁਰੰਤ ਪ੍ਰਭਾਵ ਨਾਲ ਅਹੁਦੇ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ¢ ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ, ਬਠਿੰਡਾ ਵਲੋਂ ਭੇਜੀ ਗਈ ਰਿਪੋਰਟ ਵਿਚ ਦਰਸਾਇਆ ਗਿਆ ਕਿ ਪਿੰਡ ਸੁਖਲੱਧੀ ਦੇ ਪੰਚ ਰਮਨਦੀਪ ਸਿੰਘ ਅਤੇ ਠਾਣਾ ਸਿੰਘ ਵਲੋਂ ਸਰਪੰਚ ਖ਼ਿਲਾਫ਼ ਪੰਚਾਇਤੀ ਜ਼ਮੀਨ 'ਤੇ ਨਾਜਾਇਜ਼ ਕਬਜ਼ੇ ਸਬੰਧੀ ਸ਼ਿਕਾਇਤ ਕੀਤੀ ਗਈ ਸੀ¢ ਇਸ ਸ਼ਿਕਾਇਤ ਦੀ ਜਾਂਚ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ, ਤਲਵੰਡੀ ਸਾਬੋ ਵਲੋਂ ਕੀਤੀ ਗਈ ¢ ਜਾਂਚ ਦੌਰਾਨ ਪੰਚਾਇਤੀ ਜ਼ਮੀਨ ਦੀ ਨਿਸ਼ਾਨਦੇਹੀ ਕਰਵਾਈ ਗਈ ¢ ਤਹਿਸੀਲਦਾਰ ਤਲਵੰਡੀ ਸਾਬੋ ਵਲੋਂ ਕੀਤੀ ਨਿਸ਼ਾਨਦੇਹੀ ਦੀ ਰਿਪੋਰਟ ਅਨੁਸਾਰ ਸਰਪੰਚ ਸੁਖਪ੍ਰੀਤ ਕੌਰ ਵਲੋਂ 4 ਮਰਲੇ ਪੰਚਾਇਤੀ ਜ਼ਮੀਨ 'ਤੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਪਾਇਆ ਗਿਆ ¢ ਇਸ ਸਬੰਧੀ ਬੀ.ਡੀ.ਪੀ.ਓ. ਅਤੇ ਡੀ.ਡੀ.ਪੀ.ਓ. ਵਲੋਂ ਪੰਜਾਬ ਪੰਚਾਇਤੀ ਰਾਜ ਐਕਟ ਅਧੀਨ ਕਾਰਵਾਈ ਕਰਨ ਦੀ ਸਿਫ਼ਾਰਸ਼ ਕੀਤੀ ਗਈ ¢ ਕੇਸ ਦੀ ਸੁਣਵਾਈ ਦੌਰਾਨ ਸਰਪੰਚ ਨੂੰ ਆਪਣਾ ਪੱਖ ਪੇਸ਼ ਕਰਨ ਲਈ ਕਈ ਮੌਕੇ ਦਿੱਤੇ ਗਏ ਅਤੇ ਵੱਖ-ਵੱਖ ਤਰੀਕਾਂ 'ਤੇ ਨਿੱਜੀ ਸੁਣਵਾਈ ਵੀ ਕੀਤੀ ਗਈ ¢ ਇਸ ਤੋਂ ਬਾਅਦ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ, ਬਠਿੰਡਾ ਵਲੋਂ 8 ਜੂਨ 2026 ਨੂੰ ਭੇਜੀ ਗਈ ਅੰਤਿਮ ਰਿਪੋਰਟ ਵਿਚ ਵੀ 4 ਮਰਲੇ ਪੰਚਾਇਤੀ ਜ਼ਮੀਨ 'ਤੇ ਨਾਜਾਇਜ਼ ਕਬਜ਼ੇ ਦੀ ਪੁਸ਼ਟੀ ਕੀਤੀ ਗਈ ¢ ਮਿਸਲ 'ਤੇ ਦਰਜ ਦਸਤਾਵੇਜ਼ਾਂ ਅਤੇ ਜਾਂਚ ਰਿਪੋਰਟਾਂ ਦੇ ਆਧਾਰ 'ਤੇ ਅਧਿਕਾਰੀਆਂ ਨੇ ਇਹ ਮੰਨਿਆ ਕਿ ਸਰਪੰਚ ਨੇ ਆਪਣੇ ਅਹੁਦੇ ਦੀ ਦੁਰਵਰਤੋਂ ਕੀਤੀ ਹੈ ਅਤੇ ਉਹ ਪੰਜਾਬ ਪੰਚਾਇਤੀ ਰਾਜ ਐਕਟ, 1994 ਦੀ ਧਾਰਾ 20 ਤਹਿਤ ਕਾਰਵਾਈ ਦੀ ਹੱਕਦਾਰ ਹੈ ¢ ਇਸ ਦੇ ਚੱਲਦਿਆਂ ਉਸ ਨੂੰ ਅਹੁਦੇ ਤੋਂ ਮੁਅੱਤਲ ਕਰਨ ਦੇ ਹੁਕਮ ਜਾਰੀ ਕੀਤੇ ਗਏ ¢ ਹੁਕਮਾਂ ਵਿਚ ਇਹ ਵੀ ਕਿਹਾ ਗਿਆ ਹੈ ਕਿ ਮੁਅੱਤਲੀ ਦੀ ਮਿਆਦ ਦੌਰਾਨ ਸਰਪੰਚ ਪੰਚਾਇਤ ਦੀ ਕਿਸੇ ਵੀ ਕਾਰਵਾਈ ਵਿਚ ਭਾਗ ਨਹੀਂ ਲੈ ਸਕੇਗੀ ¢ ਪੰਚਾਇਤ ਦਾ ਰਿਕਾਰਡ, ਫ਼ੰਡ ਅਤੇ ਹੋਰ ਜਾਇਦਾਦ ਦਾ ਚਾਰਜ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਵਲੋਂ ਬਾਕੀ ਪੰਚਾਂ ਵਿਚੋਂ ਚੁਣੇ ਜਾਣ ਵਾਲੇ ਕਿਸੇ ਪੰਚ ਨੂੰ ਸੌਂਪਿਆ ਜਾਵੇਗਾ¢ ਇਸ ਦੇ ਨਾਲ ਹੀ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ, ਤਲਵੰਡੀ ਸਾਬੋ ਨੂੰ ਹਦਾਇਤ ਕੀਤੀ ਗਈ ਹੈ ਕਿ ਪੰਚਾਇਤ ਦੇ ਜਿਨ੍ਹਾਂ ਬੈਂਕ ਖਾਤਿਆਂ ਦਾ ਸੰਚਾਲਨ ਸਰਪੰਚ ਦੇ ਨਾਮ ਨਾਲ ਹੁੰਦਾ ਹੈ, ਉਨ੍ਹਾਂ ਨੂੰ ਤੁਰੰਤ ਸੀਲ ਕਰਕੇ ਚਾਰਜ ਆਪਣੇ ਕਬਜ਼ੇ ਵਿਚ ਲਿਆ ਜਾਵੇ ਅਤੇ ਇਸ ਸਬੰਧੀ ਰਿਪੋਰਟ ਉੱਚ ਅਧਿਕਾਰੀਆਂ ਨੂੰ ਭੇਜੀ ਜਾਵੇ¢