ਬਠਿੰਡਾ, 15 ਜੂਨ (ਅੰਮਿ੍ਤਪਾਲ ਸਿੰਘ ਵਲ੍ਹਾਣ): ਨਗਰ ਪੰਚਾਇਤ ਲਹਿਰਾ ਮੁਹੱਬਤ ਦੇ ਕਰੀਬ 172 ਲਾਭਪਾਤਰੀ ਪਰਿਵਾਰਾਂ ਨੂੰ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਨਵੇਂ ਮਕਾਨ ਬਣਾਉਣ ਲਈ 6 ਮਹੀਨੇ ਤੋਂ ਰਾਸ਼ੀ ਨਾ ਮਿਲਣ ਕਾਰਨ ਅੱਜ ਪੀੜਿਤ ਪਰਿਵਾਰਾਂ ਦੇ ਵਫ਼ਦ ਨੇ ਬਠਿੰਡਾ ਦੇ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੂੰ ਮੁੱਖ ਮੰਤਰੀ ਦੇ ਨਾਂ ਮੰਗ ਪੱਤਰ ਸੌਂਪ ਕੇ ਅਧੂਰੇ ਮਕਾਨ ਪਏ ਪੂਰੇ ਕਰਨ ਲਈ ਰਾਸ਼ੀ ਜਾਰੀ ਦੀ ਮੰਗ ਕੀਤੀ | ਇਸ ਸੰਬੰਧੀ ਗੁਰਪ੍ਰੀਤ ਸਿੰਘ ਦਾਊਕਾ ਸਮੇਤ ਪੀੜਿਤ ਪਰਿਵਾਰਾਂ ਦੇ ਵਫ਼ਦ ਨੇ ਦੱਸਿਆ ਕਿ ਕੁੱਝ ਕੁ ਪਰਿਵਾਰਾਂ ਨੂੰ ਪਹਿਲੀ ਕਿਸ਼ਤ ਤਾਂ ਮਿਲ ਗਈ, ਕਈਆਂ ਨੂੰ ਇੱਕ ਕਿਸ਼ਤ ਵੀ ਜਾਰੀ ਨਹੀਂ ਹੋਈ | ਪਰ ਨਵਾਂ ਮਕਾਨ ਬਣਾਉਣ ਦੇ ਚੱਕਰ ਵਿਚ ਪੁਰਾਣਾ ਮਕਾਨ ਵੀ ਢਾਹ ਦਿੱਤਾ | ਮੁੜ ਮਕਾਨ ਬਣਾਉਣ ਲਈ ਰਾਸ਼ੀ ਨਾ ਜਾਰੀ ਹੋਣ ਕਾਰਨ ਕੰਮ ਅੱਧ ਵਿਚਕਾਰ ਲਟਕ ਗਿਆ | ਉਨ੍ਹਾਂ ਦੱਸਿਆ ਕਿ ਕਈ ਪਰਿਵਾਰ ਅਜੇ ਵੀ ਛੱਤ ਨਾ ਹੋਣ ਕਾਰਨ ਤਰਪਾਲਾਂ ਦੀ ਛੱਤ ਪਾ ਕੇ ਗੁਜ਼ਾਰਾ ਕਰਨ ਲਈ ਮਜਬੂਰ ਹਨ | ਉਨ੍ਹਾਂ ਦੱਸਿਆ ਕਿ ਬੀਤੇ ਦਸੰਬਰ 2025 ਨੂੰ ਹਲਕਾ ਵਿਧਾਇਕ ਮਾ. ਜਗਸੀਰ ਸਿੰਘ ਵਲੋਂ ਉਨ੍ਹਾਂ ਨੂੰ ਮਕਾਨ ਬਣਾਉਣ ਲਈ ਪੱਤਰ ਸੌਂਪੇ ਗਏ ਸਨ | ਇਸ ਸਮੇਂ ਹਾਕਮ ਸਿੰਘ, ਗੁਰਜੰਟ ਸਿੰਘ, ਬੇਅੰਤ ਸਿੰਘ, ਸਤਨਾਮ ਸਿੰਘ, ਜਸਵੀਰ ਸਿੰਘ ਜੱਸੂ, ਬੂਟਾ ਸਿੰਘ, ਬਲਵਿੰਦਰ ਸਿੰਘ, ਇਕਬਾਲ ਸਿੰਘ ਤੇ ਨਿਰਭੈ ਸਿੰਘ ਨੇ ਕਿਹਾ ਕਿ ਜੇ ਸਰਕਾਰ ਨੇ ਜਲਦ ਸੁਣਵਾਈ ਨਾ ਕੀਤੀ ਤਾਂ ਅਗਲੇ ਦਿਨਾਂ ਵਿਚ ਕੋਈ ਤਿੱਖਾ ਸੰਘਰਸ਼ ਉਲੀਕ ਸਕਦੇ ਹਾਂ | ਜਿਸ ਦੀ ਜ਼ਿੰਮੇਵਾਰੀ ਜ਼ਿਲ੍ਹਾ ਪ੍ਰਸ਼ਾਸਨ ਦੀ ਹੋਵੇਗੀ |