ਬਠਿੰਡਾ, 25 ਜੂਨ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਭਾਰਤੀ ਜਨਤਾ ਪਾਰਟੀ ਦੇ ਸੂਬਾ ਜਨਰਲ ਸਕੱਤਰ ਦਿਆਲ ਸੋਢੀ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਨੂੰ ਚੁਣੌਤੀ ਦੇਣ ਵਾਲਿਆਂ ਨੂੰ ਇਤਿਹਾਸ ਕਰਦੇ ਮੁਆਫ਼ ਨਹੀਂ ਕਰਦਾ। ਇਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਪਣੀਆਂ ਗ਼ਲਤੀਆਂ ਦਾ ਅਹਿਸਾਸ ਕਰਦੇ ਹੋਏ ਤੁਰੰਤ ਅਸਤੀਫ਼ਾ ਦੇ ਕੇ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਨਤਮਸਤਕ ਹੋਣਾ ਚਾਹੀਦਾ ਹੈ। ਇਸ ਮੌਕੇ ਉਨ੍ਹਾਂ ਨਾਲ ਭਾਜਪਾ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਸਰੂਪ ਚੰਦ ਸਿੰਗਲਾ ਵੀ ਮੌਜੂਦ ਸਨ। ਇਥੇ ਭਾਜਪਾ ਦਫ਼ਤਰ ਵਿਖੇ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਦਿਆਲ ਸੋਢੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਵਿਵਾਦਿਤ ਵੀਡੀਓ ਮਾਮਲੇ ਸਬੰਧੀ ਗੁਰੂਗ੍ਰਾਮ ਵਿਚ ਦਰਜ ਹੋਈ ਐਫ.ਆਈ.ਆਰ. ਨੇ ਪੰਜਾਬ ਸਰਕਾਰ ਅਤੇ ਉਸ ਦੇ ਨੁਮਾਇੰਦਿਆਂ ਵਲੋਂ ਫੋਰੈਂਸਿਕ ਰਿਪੋਰਟ ਦੇ ਆਧਾਰ ’ਤੇ ਕੀਤੇ ਗਏ ਦਾਅਵਿਆਂ ਦੀ ਸਚਾਈ ਨੂੰ ਬੇਨਕਾਬ ਕਰ ਦਿੱਤਾ ਹੈ । ਉਨ੍ਹਾਂ ਦੋਸ਼ ਲਗਾਇਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਨੂੰ ਝੂਠਾ ਸਾਬਤ ਕਰਨ ਲਈ ਕਥਿਤ ਤੌਰ ‘ਤੇ ਜਾਅਲੀ ਅਤੇ ਮਨਘੜਤ ਰਿਪੋਰਟਾਂ ਤਿਆਰ ਕਰਵਾਉਣਾ ਬੱਜਰ ਗੁਨਾਹ ਹੈ, ਜਿਸ ਨਾਲ ਸਮੂਹ ਸਿੱਖ ਸੰਗਤ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਦਿਆਲ ਸੋਢੀ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖ ਕੌਮ ਦੀ ਸਰਵਉੱਚ ਅਤੇ ਸਦੀਵੀ ਸੰਸਥਾ ਹੈ। ਇਥੋਂ ਜਾਰੀ ਹੋਣ ਵਾਲੇ ਹੁਕਮਨਾਮੇ ਅਤੇ ਸਿੰਘ ਸਾਹਿਬਾਨ ਦੇ ਆਦੇਸ਼ ਸਮੂਹ ਸਿੱਖ ਕੌਮ ਲਈ ਸਰਵਉੱਚ ਮਹੱਤਵ ਰੱਖਦੇ ਹਨ ਅਤੇ ਕੋਈ ਵੀ ਵਿਅਕਤੀ, ਭਾਵੇਂ ਉਹ ਕਿਸੇ ਵੀ ਰਾਜਨੀਤਿਕ ਅਹੁਦੇ ‘ਤੇ ਕਿਉਂ ਨਾ ਹੋਵੇ, ਇਸ ਦੀ ਮਰਿਆਦਾ ਤੋਂ ਉੱਪਰ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸਿੰਘ ਸਾਹਿਬਾਨਾਂ ਦੇ ਹੁਕਮਾਂ ਦੀ ਅਣਦੇਖੀ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਟਕਰਾਅ ਦਾ ਰਾਹ ਅਪਣਾਉਣਾ ਸਿਰਫ਼ ਰਾਜਨੀਤਿਕ ਅਹੰਕਾਰ ਹੀ ਨਹੀਂ, ਸਗੋਂ ਪੰਥਕ ਮਰਿਆਦਾ ਅਤੇ ਸਿੱਖ ਭਾਵਨਾਵਾਂ ਪ੍ਰਤੀ ਗੰਭੀਰ ਅਣਗਹਿਲੀ ਵੀ ਹੈ। ਸੋਢੀ ਨੇ ਸਮੂਹ ਸਿੱਖ ਸੰਗਤ ਨੂੰ ਅਪੀਲ ਕੀਤੀ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮਿਆਂ ਅਨੁਸਾਰ ਚੱਲਣ, ਪੰਥਕ ਅਨੁਸ਼ਾਸਨ ਨੂੰ ਕਾਇਮ ਰੱਖਣ ਅਤੇ ਗੁਰੂ ਘਰ ਦੀ ਮਰਿਆਦਾ ਨੂੰ ਚੁਣੌਤੀ ਦੇਣ ਵਾਲੀਆਂ ਤਾਕਤਾਂ ਤੋਂ ਸੁਚੇਤ ਰਹਿਣ।ਦਿਆਲ ਸੋਢੀ ਅਤੇ ਸ਼ਹਿਰੀ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਨੇ ਕਿਹਾ ਕਿ ਹਰਿਆਣਾ ਪੁਲਿਸ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਸਚਾਈ ਨੂੰ ਲੋਕਾਂ ਸਾਹਮਣੇ ਲਿਆਵੇ ਤਾਂ ਜੋ ਸਾਰੇ ਤੱਥ ਸਪੱਸ਼ਟ ਹੋ ਸਕਣ। ਇਸ ਮੌਕੇ ਪ੍ਰਦੇਸ਼ ਕਮੇਟੀ ਮੈਂਬਰ ਸ਼ਾਮ ਲਾਲ ਬਾਂਸਲ, ਰਾਜੇਸ਼ ਨੋਨੀ ਅਤੇ ਜ਼ਿਲ੍ਹਾ ਉਪ ਪ੍ਰਧਾਨ ਵਰਿੰਦਰ ਸ਼ਰਮਾ ਵੀ ਮੌਜੂਦ ਸਨ।
ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਨੂੰ ਚੁਣੌਤੀ ਦੇਣ ਵਾਲਿਆਂ ਨੂੰ ਇਤਿਹਾਸ ਕਦੇ ਮੁਆਫ਼ ਨਹੀਂ ਕਰਦਾ- ਸੋਢੀ
ਅਜੀਤ ਡੈਸਕ
26-06-2026