ਅਕਸਰ ਸਭ ਲੋਕ ਦੁੱਧ ਦੇ ਗੁਣਾਂ ਨੂੰ ਜਾਣਦੇ ਹਨ ਕਿਉਂਕਿ ਬਚਪਨ ਤੋਂ ਹੀ ਮਾਤਾ-ਪਿਤਾ ਬੱਚਿਆਂ ਨੂੰ ਦੁੱਧ ਪੀਣ ਲਈ ਪ੍ਰੇਰਿਤ ਕਰਦੇ ਰਹਿੰਦੇ ਹਨ। ਬੱਚੇ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਲਈ ਵਿਸ਼ੇਸ਼ ਕਰਕੇ ਗਾਂ ਦਾ ਦੁੱਧ ਸਰਬੋਤਮ ਮੰਨਿਆ ਜਾਂਦਾ ਹੈ। ਗਾਂ ਦਾ ਦੁੱਧ ਆਪਣੇ-ਆਪ ਵਿਚ ਸੰਪੂਰਨ ਭੋਜਨ ਹੁੰਦਾ ਹੈ।
ਗਾਂ ਦਾ ਦੁੱਧ ਕੈਲਸ਼ੀਅਮ, ਪੋਟਾਸ਼ੀਅਮ ਅਤੇ ਕੋਲਾਈਨ ਨਾਲ ਭਰਪੂਰ ਹੁੰਦਾ ਹੈ। ਦੁੱਧ ਦੀ ਵਰਤੋਂ ਨਾਲ ਦੰਦਾਂ ਅਤੇ ਹੱਡੀਆਂ ਨੂੰ ਮਜ਼ਬੂਤੀ ਤਾਂ ਮਿਲਦੀ ਹੀ ਹੈ, ਇਸ ਤੋਂ ਇਲਾਵਾ ਦੁੱਧ ਵਿਚ ਕੈਲਸ਼ੀਅਮ ਹੋਣ ਕਾਰਨ ਜ਼ਖ਼ਮ ਭਰਨ, ਬਲੱਡ ਪ੍ਰੈੱਸ਼ਰ 'ਤੇ ਕੰਟਰੋਲ ਰੱਖਣ, ਦਿਲ ਦੀ ਧੜਕਣ ਅਤੇ ਪੇਸ਼ੀਆਂ ਦੀ ਸਰਗਰਮੀਆਂ ਨੂੰ ਸਾਧਾਰਨ ਬਣਾਈ ਰੱਖਣ ਵਿਚ ਵੀ ਮਦਦ ਮਿਲਦੀ ਹੈ। ਦੁੱਧ ਵਿਚ ਪੋਟਾਸ਼ੀਅਮ ਹੋਣ ਕਾਰਨ ਦਿਲ ਦੀ ਬਿਮਾਰੀ, ਹਾਈ ਬਲੱਡ ਪ੍ਰੈੱਸ਼ਰ ਤੋਂ ਬਚਾਉਂਦਾ ਹੈ ਅਤੇ ਹੱਡੀਆਂ ਦਾ ਘਣਤਵ ਵੀ ਸਾਧਾਰਨ ਬਣਾਈ ਰੱਖਦਾ ਹੈ। ਦੁੱਧ ਵਿਚ ਕੋਲਾਈਨ ਦੀ ਮਾਤਰਾ ਹੋਣ ਨਾਲ ਨੀਂਦ ਲਿਆਉਣ ਵਾਲੀਆਂ ਪੇਸ਼ੀਆਂ ਸਰਗਰਮ ਰਹਿੰਦੀਆਂ ਹਨ, ਯਾਦਦਾਸ਼ਤ ਚੰਗੀ ਰਹਿੰਦੀ ਹੈ ਅਤੇ ਕੁਝ ਨਵਾਂ ਸਿੱਖਣ ਦੀ ਤਾਕਤ ਵਧਦੀ ਹੈ।
ਗਾਂ ਦੇ ਦੁੱਧ ਵਿਚ ਸਭ ਜ਼ਰੂਰੀ ਪ੍ਰੋਟੀਨ ਹੋਣ ਕਾਰਨ ਸਰੀਰ ਦੇ ਵਿਕਾਸ ਵਿਚ ਮਦਦ ਕਰਦਾ ਹੈ। ਸਰੀਰ ਨੂੰ ਊਰਜਾ ਵੀ ਮਿਲਦੀ ਹੈ। ਬੱਚਿਆਂ ਦੀਆਂ ਹੱਡੀਆਂ ਅਤੇ ਦੰਦ ਮਜ਼ਬੂਤ ਹੁੰਦੇ ਹਨ। ਇਸ ਲਈ ਬੱਚਿਆਂ ਨੂੰ ਵਧਦੀ ਉਮਰ ਵਿਚ ਦੁੱਧ ਲਗਾਤਾਰ ਦੇਣਾ ਚਾਹੀਦਾ ਹੈ।
ਡੇਅਰੀ ਪ੍ਰੋਟੀਨ ਮਾਸਪੇਸ਼ੀਆਂ ਦੇ ਵਿਕਾਸ ਅਤੇ ਅੰਦਰੂਨੀ ਟੁੱਟ-ਭੱਜ ਦੀ ਮੁਰੰਮਤ ਲਈ ਜ਼ਰੂਰੀ ਹੈ ਇਸ ਲਈ ਦੁੱਧ ਦੀ ਲਗਾਤਾਰ ਵਰਤੋਂ ਜ਼ਰੂਰੀ ਹੈ। ਸਰੀਰ ਵਿਚ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਨੂੰ ਸਧਾਰਨ ਬਣਾਈ ਰੱਖਣ ਲਈ ਪੇਸ਼ੀਆਂ ਦਾ ਵਿਕਾਸ ਜ਼ਰੂਰੀ ਹੁੰਦਾ ਹੈ। ਮੈਟਾਬਾਲਿਜ਼ਮ ਸਾਧਾਰਨ ਬਣਿਆ ਰਹੇ, ਇਸ ਲਈ ਦੁੱਧ ਦੀ ਲਗਾਤਾਰ ਵਰਤੋਂ ਜ਼ਰੂਰੀ ਹੁੰਦੀ ਹੈ।
ਬੱਚੇ ਜੇਕਰ ਰਾਤ ਨੂੰ ਸੌਣ ਤੋਂ ਪਹਿਲਾਂ ਇਕ ਗਲਾਸ ਕੋਸਾ ਦੁੱਧ ਪੀ ਕੇ ਸੌਣ ਤਾਂ ਉਨ੍ਹਾਂ ਨੂੰ ਚੰਗੀ ਨੀਂਦ ਆਵੇਗੀ। ਗਾਂ ਦੇ ਦੁੱਧ ਵਿਚ ਵਿਟਾਮਿਨ-ਬੀ ਦੀ ਭਰਪੂਰ ਮਾਤਰਾ ਹੋਣ ਕਾਰਨ ਦਿਮਾਗ਼ ਦੀਆਂ ਤੰਤਰਕਾਵਾਂ ਸਾਧਾਰਨ ਬਣੀਆਂ ਰਹਿੰਦੀਆਂ ਹਨ ਅਤੇ ਸੌਣ ਜਾਗਣ ਦਾ ਚੱਕਰ ਵੀ ਠੀਕ ਰਹਿੰਦਾ ਹੈ।
ਦੁੱਧ ਵਿਚ ਐਂਟੀਆਕਸੀਡੈਂਟ ਹੋਣ ਕਾਰਨ ਰੋਗ ਪ੍ਰਤੀਰੋਧਕ ਤਾਕਤ ਵਧਦੀ ਹੈ। ਦੁੱਧ ਦੀ ਲਗਾਤਾਰ ਵਰਤੋਂ ਨਾਲ ਸਰੀਰ ਤੋਂ ਹਾਨੀਕਾਰਕ ਫ੍ਰੀ-ਰੈਡੀਕਲਜ਼ ਬਾਹਰ ਕੱਢਣ ਵਿਚ ਸਹਾਇਤਾ ਮਿਲਦੀ ਹੈ, ਇਸੇ ਕਾਰਨ ਸਰੀਰ ਬਿਮਾਰੀਆਂ ਤੋਂ ਦੂਰ ਰਹਿੰਦਾ ਹੈ।
ਕਦੀ-ਕਦੀ ਦੁੱਧ ਤੋਂ ਐਲਰਜੀ ਹੋਣ 'ਤੇ ਦੁੱਧ ਦੀ ਵਰਤੋਂ ਨੁਕਸਾਨ ਵੀ ਪਹੁੰਚਾਉਂਦੀ ਹੈ। ਜਿਵੇਂ ਪੇਟ ਫੁੱਲਣਾ, ਡਾਇਰੀਆ ਹੋਣਾ ਆਦਿ। ਇਸ ਤਰ੍ਹਾਂ ਦੇ ਹਾਲਾਤ 'ਚ ਦੁੱਧ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਐਂਟੀਬਾਇਓਟਿਕ ਜੇਕਰ ਤੁਸੀਂ ਲੈ ਰਹੇ ਹੋ ਤਾਂ ਉਦੋਂ ਵੀ ਦੁੱਧ ਦੀ ਵਰਤੋਂ ਤੋਂ ਬਚਣਾ ਚਾਹੀਦਾ ਹੈ।
ਕਿੰਨਾ ਲਾਭਕਾਰੀ ਹੈ ਗਾਂ ਦਾ ਦੁੱਧ
ਅਜੀਤ ਡੈਸਕ
26-06-2026