ਤਲਵੰਡੀ ਸਾਬੋ, 2 ਜੁਲਾਈ (ਰਣਜੀਤ ਸਿੰਘ ਰਾਜੂ)- ਬੀਤੀ ਰਾਤ ਤਲਵੰਡੀ ਸਾਬੋ ਨਗਰ ਵਿਖੇ ਪਿਆ ਭਰਵਾਂ ਮੀਂਹ ਗਰਮੀ ਦੇ ਕਹਿਰ ਦਾ ਸਾਹਮਣਾ ਕਰ ਰਹੇ ਲੋਕਾਂ ਲਈ ਤਾਂ ਭਾਵੇਂ ਵਰਦਾਨ ਸਾਬਿਤ ਹੋਇਆ ਪ੍ਰੰਤੂ ਇਹੀ ਮੀਂਹ ਨਗਰ ਦੇ ਇੱਕ ਵਪਾਰੀ ਲਈ ਵੱਡੀ ਮੁਸੀਬਤ ਦਾ ਸਬੱਬ ਬਣ ਗਿਆ ਜਦੋਂਕਿ ਨਗਰ ਬੱਸ ਅੱਡੇ ਕੋਲ ਉਸ ਦੀ ਦੁਕਾਨ ਦੇ ਬੇਸਮੈਂਟ ‘ਚ ਬਣਾਏ ਗੋਦਾਮ ‘ਚ ਵੱਡੀ ਮਾਤਰਾ ‘ਚ ਮੀਹ ਦਾ ਪਾਣੀ ਭਰ ਜਾਣ ਕਰਕੇ ਗੋਦਾਮ ‘ਚ ਪਿਆ ਲੱਖਾਂ ਦੀ ਕੀਮਤ ਦਾ ਸਮਾਨ ਬਰਬਾਦ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ ਤਲਵੰਡੀ ਸਾਬੋ ਦੇ ਬੱਸ ਅੱਡੇ ਦੇ ਨਜ਼ਦੀਕ ਅਤੇ ਤਖਤ ਸਾਹਿਬ ਦੇ ਏ ਗੇਟ ਦੇ ਸਾਹਮਣੇ ਸ੍ਰੀ ਬਾਲਾ ਜੀ ਫ਼ੈਸ਼ਨ ਪੁਆਇੰਟ, ਗੋਇਲ ਗਾਰਮੈਂਟ ਦੇ ਬੇਸਮੈਂਟ ‘ਚ ਬਣੇ ਗੋਦਾਮ ਵਿਚ ਲੰਘੀ ਅੱਧੀ ਰਾਤ ਤੋਂ ਬਾਅਦ ਮੀਂਹ ਦਾ ਤੇਜ਼ ਪਾਣੀ ਪਾਣੀ ਭਰਨਾ ਸ਼ੁਰੂ ਹੋ ਗਿਆ। ਦੁਕਾਨ ਦੇ ਮਾਲਕ ਕ੍ਰਿਸ਼ਨ ਗੋਇਲ ਦੇ ਦੱਸਣ ਅਨੁਸਾਰ ਸਵੇਰੇ ਕਰੀਬ ਦੋ ਵਜੇ ਚੌਕੀਦਾਰ ਦਾ ਫੋਨ ਆਇਆ ਕਿ ਬੇਸਮੈਂਟ ਵਿਚਲੇ ਗੋਦਾਮ ‘ਚ ਪਾਣੀ ਭਰ ਗਿਆ ਹੈ ਜਦੋਂ ਉਨ੍ਹਾਂ ਨੇ ਆ ਕੇ ਦੇਖਿਆ ਤਾਂ ਪੂਰੀ ਬੇਸਮੈਂਟ ਪਾਣੀ ਨਾਲ ਭਰ ਗਈ ਸੀ ਜਿਸ ਕਰਕੇ ਉਨ੍ਹਾਂ ਦੇ ਬੇਸਮੈਂਟ ਵਿਚ ਪਏ ਲੱਖਾਂ ਰੁਪਏ ਦੀ ਕੀਮਤ ਦੇ ਨਵੇਂ ਬੂਟ ਅਤੇ ਹੋਰ ਸਮਾਨ ਖ਼ਰਾਬ ਹੋ ਗਿਆ ਹੈ। ਸਵੇਰੇ ਨਗਰ ਕੌਂਸਲ ਦੇ ਮੁਲਾਜ਼ਮਾਂ ਦੀ ਮਦਦ ਨਾਲ ਬੇਸਮੈਂਟ ‘ਚੋਂ ਪਾਣੀ ਕੱਢਣ ਦਾ ਕੰਮ ਤਾਂ ਸ਼ੁਰੂ ਕਰ ਦਿੱਤਾ ਗਿਆ ਪਰ ਮੀਂਹ ਦੇ ਗੰਦੇ ਪਾਣੀ ਕਾਰਣ ਸਮਾਨ ਕਿਸੇ ਕੰਮ ਜੋਗਾ ਨਹੀ ਰਿਹਾ। ਪੀੜਤ ਕ੍ਰਿਸ਼ਨ ਗੋਇਲ ਨੇ ਇਸ ਮੌਕੇ ਕਿਹਾ ਕਿ ਪਿਛਲੇ ਦਿਨਾਂ ‘ਚ ਦੁਕਾਨਾਂ ਦੇ ਸਾਹਮਣੇ ਦੀ ਸੜਕ ਦਾ ਨਿਰਮਾਣ ਕਰਵਾਇਆ ਗਿਐ ਪਰ ਉਸ ਦੀ ਚੰਗੀ ਤਰ੍ਹਾਂ ਕੁਟਾਈ ਨਾ ਕੀਤੇ ਜਾਣ ਕਾਰਣ ਟਾਈਲਾਂ ਵਾਲੀ ਉਕਤ ਸੜਕ ਦੀਆਂ ਵਿਰਲਾਂ ਵਿਚੋਂ ਪਾਣੀ ਉਸ ਦੀ ਬੇਸਮੈਂਟ ਵਿਚ ਚਲਾ ਗਿਆ। ਉਸ ਨੇ ਹੁਣ ਸਰਕਾਰ ਕੋਲ ਗੁਹਾਰ ਲਗਾਈ ਹੈ ਕਿ ਨੁਕਸਾਨ ਦਾ ਵੱਡਾ ਕਾਰਣ ਸੜਕ ਦਾ ਸਹੀ ਨਿਰਮਾਣ ਨਾ ਹੋਣਾ ਰਿਹੈ ਇਸ ਲਈ ਉਸ ਦੇ ਨੁਕਸਾਨ ਦਾ ਢੁਕਵਾਂ ਮੁਆਵਜ਼ਾ ਦਿੱਤਾ ਜਾਵੇ।
ਬੇਸਮੈਂਟ ‘ਚ ਬਣੇ ਵਪਾਰੀ ਦੇ ਗੋਦਾਮ ‘ਚ ਭਰਿਆ ਮੀਂਹ ਦਾ ਪਾਣੀ, ਲੱਖਾਂ ਰੁਪਏ ਦਾ ਸਮਾਨ ਹੋਇਆ ਖ਼ਰਾਬ
ਅਜੀਤ ਡੈਸਕ
03-07-2026