ਸੀਂਗੋ ਮੰਡੀ, 2 ਜੁਲਾਈ (ਪ੍ਰਿੰਸ ਗਰਗ)-ਪੰਜਾਬ ਸਰਕਾਰ ਵਲੋਂ ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ ਬੀਬੀਆਂ ਦੇ ਖਾਤਿਆਂ ਵਿਚ ਪੈਸੇ ਪਾਉਣ ਦੀ ਸ਼ੁਰੂਆਤ ਨਾਲ ਸਥਾਨਕ ਇਲਾਕੇ ਦੀਆਂ ਬੀਬੀਆਂ ਦੇ ਮਨ ਵਿਚ ਲੱਡੂ ਫੁੱਟਣ ਲੱਗ ਪਏ ਹਨ ਕਿਓਂਕਿ ਹੁਣ ਸਭਨਾਂ ਨੂੰ ਯਕੀਨ ਹੋ ਗਿਆ ਕਿ ਸਤਿਕਾਰ ਯੋਜਨਾ ਤਹਿਤ ਪੈਸੇ ਖਾਤਿਆਂ ਵਿਚ ਜ਼ਰੂਰ ਆਉਣਗੇ। ਮੁੱਖ ਮੰਤਰੀ ਭਗਵੰਤ ਮਾਨ ਵਲੋਂ ਪਿਛਲੇ ਦਿਨੀਂ ਧੂਰੀ ਤੋਂ ਇਸ ਯੋਜਨਾ ਤਹਿਤ ਮਹਿਲਾਵਾਂ ਦੇ ਖਾਤਿਆਂ ਵਿਚ ਪੈਸੇ ਪਾਉਣ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਤਹਿਤ ਬਹੁਤੀਆਂ ਮਹਿਲਾਵਾਂ ਦੇ ਫੋਨ ਦੀ ਘੰਟੀ ਵੱਜਦਿਆਂ ਉਨ੍ਹਾਂ ਦੇ ਖਾਤੇ ਵਿਚ 3000-4500 ਰੁਪਏ ਆ ਗਏ ਹਨ ਜਿਸ ਨਾਲ ਉਨ੍ਹਾਂ ’ਚ ਖੁਸ਼ੀ ਦੀ ਲਹਿਰ ਦੌੜ ਗਈ। ਸਥਾਨਕ ਇਲਾਕੇ ਅੰਦਰ ਮਹਿਲਾਵਾਂ ਨੂੰ ਕਈ ਥਾਵਾਂ ਤੋਂ ਆਪਣੇ ਸਕੇ ਸਬੰਧੀਆਂ, ਰਿਸ਼ਤੇਦਾਰਾਂ ਅਤੇ ਜਾਣ ਪਛਾਣ ਵਾਲਿਆਂ ਤੋਂ ਪਤਾ ਲੱਗਿਆ ਕਿ ਉਨ੍ਹਾਂ ਦੇ ਖਾਤੇ ਵਿਚ ਪੈਸੇ ਆ ਗਏ ਹਨ, ਜਿਸ ਨਾਲ ਉਨ੍ਹਾਂ ਨੂੰ ਵੀ ਉਮੀਦ ਹੋ ਗਈ ਕਿ ਇਸ ਯੋਜਨਾ ਤਹਿਤ ਫਾਰਮ ਭਰਣ ਤੋਂ ਬਾਅਦ ਕੇ. ਵਾਈ. ਸੀ. ਕਰਵਾਉਣ ਉਪਰੰਤ ਜਲਦ ਉਨ੍ਹਾਂ ਦੇ ਖਾਤਿਆਂ ਵਿਚ ਪੈਸੇ ਆਉਣਗੇ। ਬੀਬੀਆਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵਲੋਂ ਆਪਣਾ ਵਾਅਦਾ ਪੂਰਾ ਕਰ ਦਿੱਤਾ ਗਿਆ ਹੈ ਪ੍ਰੰਤੂ ਇਸ ਯੋਜਨਾ ਤਹਿਤ ਚੱਲ ਰਹੇ ਕੰਮ ਨੂੰ ਹੋਰ ਤੇਜ਼ੀ ਨਾਲ ਕੀਤਾ ਜਾਵੇ ਕਿਓਂਕਿ ਫ਼ਾਰਮ ਭਰਣ ਉਪਰੰਤ ਕੇ. ਵਾਈ. ਸੀ. ਕਰਨ ’ਤੇ ਸਮਾਂ ਲਗਾ ਦਿੱਤਾ ਜਾਂਦਾ ਹੈ। ਇਸ ਯੋਜਨਾ ਤਹਿਤ ਮਿਲਣ ਵਾਲੀ ਰਾਸ਼ੀ ਨਾਲ ਮਹਿਲਾਵਾਂ ਵਲੋਂ ਆਪਣੀਆਂ ਧੀਆਂ ਨੂੰ ਸ਼ਗਨ, ਆਪਣੀ ਦਵਾਈ ਬੂਟੀ, ਬੱਚਿਆਂ ਦੀ ਪੜ੍ਹਾਈ ਅਤੇ ਕਬੀਲਦਾਰੀ ਵਿਚ ਹੋਰ ਮੱਦਦ ਮਿਲੇਗੀ।
ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ ਖਾਤਿਆਂ ਵਿਚ ਪੈਸੇ ਆਉਣ ਦੀ ਸ਼ੁਰੂਆਤ ਨਾਲ ਇਲਾਕੇ ਦੀਆਂ ਬੀਬੀਆਂ ਦੇ ਮਨ ਵਿਚ ਫੁੱਟੇ ਲੱਡੂ
ਅਜੀਤ ਡੈਸਕ
03-07-2026