ਤਲਵੰਡੀ ਸਾਬੋ, 6 ਜੁਲਾਈ (ਰਣਜੀਤ ਸਿੰਘ ਰਾਜੂ)- ਜ਼ਮੀਨੀ ਵਿਵਾਦ ਦੌਰਾਨ ਪਿੰਡ ਭਾਗੀਵਾਂਦਰ ਦੇ ਇਕ ਵਕੀਲ ਦੀ ਜ਼ਮੀਨ ‘ਤੇ ਕਬਜ਼ੇ ਦੀ ਕੋਸ਼ਿਸ਼ ਕਰਨ ਅਤੇ ਵਕੀਲ ਦੇ ਪਰਿਵਾਰਿਕ ਮੈਂਬਰਾਂ ਦੀ ਕੁੱਟਮਾਰ ਕਰਨ ਵਾਲਿਆਂ ਖਿਲਾਫ ਕਾਰਵਾਈ ਨਾ ਕਰਕੇ ਸਗੋਂ ਪੁਲਿਸ ਅਧਿਕਾਰੀਆਂ ਤੇ ਕਥਿਤ ਦੋਸ਼ੀ ਧਿਰ ਦੀ ਪੁਸ਼ਤਪਨਾਹੀ ਕਰਨ ਦੇ ਇਲਜ਼ਾਮ ਲਾਉਂਦਿਆਂ ਅੱਜ ਬਾਰ ਐਸੋਸੀਏਸ਼ਨ ਤਲਵੰਡੀ ਸਾਬੋ ਦੇ ਵਕੀਲਾਂ ਨੇ ਥਾਣਾ ਤਲਵੰਡੀ ਸਾਬੋ ਦਾ ਘਿਰਾਉ ਕਰਦਿਆਂ ਪ੍ਰਸ਼ਾਸਨਿਕ ਅਧਿਕਾਰੀਆਂ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ।ਵਕੀਲਾਂ ਦੇ ਇਕੱਠ ਨੂੰ ਸੰਬੋਧਨ ਹੁੰਦਿਆਂ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਸਤਿੰਦਰਪਾਲ ਸਿੰਘ ਸਿੱਧੂ ਨੇ ਕਿਹਾ ਕਿ ਪਿੰਡ ਭਾਗੀਵਾਂਦਰ ਦੇ ਵਕੀਲ ਯਾਦਵਿੰਦਰ ਸਿੰਘ ਕੋਲ ਜ਼ਮੀਨੀ ਵਿਵਾਦ ਸਬੰਧੀ ਬਕਾਇਦਾ ਅਦਾਲਤੀ ਸਟੇਅ ਹੋਣ ਦੇ ਬਾਵਜੂਦ ਇਕ ਅਜਿਹਾ ਵਿਅਕਤੀ ਜ਼ਮੀਨ ‘ਤੇ ਕਬਜ਼ੇ ਦੀ ਕੋਸ਼ਿਸ਼ ਕਰਦਾ ਹੈ ਜੋ ਕਤਲ ਕੇਸ ‘ਚ ਮਾਣਯੋਗ ਹਾਈਕੋਰਟ ਤੋਂ ਜ਼ਮਾਨਤ ਲੈ ਕੇ ਆਇਆ ਹੈ। ਉਨ੍ਹਾਂ ਕਿਹਾ ਕਿ ਇਸੇ ਦੌਰਾਨ ਜਦੋਂ ਵਕੀਲ ਦੇ ਪਰਿਵਾਰਿਕ ਮੈਂਬਰ ਖੇਤ ਪਾਣੀ ਲਾਉਣ ਗਏ ਤਾਂ ਵਕੀਲ ਦੀ ਪਤਨੀ ਅਤੇ ਭਰਜਾਈ ਦੀ ਕੁੱਟਮਾਰ ਕਰ ਦਿੱਤੀ ਤੇ ਪੁਲਿਸ ਕੋਲ ਬਿਆਨ ਦਰਜ਼ ਕਰਵਾਉਣ ਦੇ ਬਾਵਜੂਦ ਪੁਲਿਸ ਨੇ ਉਲਟਾ ਵਕੀਲ ਦੇ ਪਰਿਵਾਰਿਕ ਮੈਂਬਰਾਂ ਖਿਲਾਫ ਹੀ ਮਾਮਲਾ ਦਰਜ਼ ਕਰ ਦਿੱਤਾ। ਉਨ੍ਹਾਂ ਮੁਤਾਬਿਕ ਪੁਲਿਸ ਅਧਿਕਾਰੀਆਂ ਨੂੰ ਅਦਾਲਤ ਦੇ ਸਟੇਅ ਆਰਡਰ ਦਿਖਾਉਣ ਦੇ ਨਾਲ ਸਾਰੇ ਕਾਨੂੰਨੀ ਪੱਖਾਂ ਤੋਂ ਜਾਣੂੰ ਕਰਵਾਉਣ ਤੇ ਵੀ ਪੁਲਿਸ ਨੇ ਕੋਈ ਸੁਣਵਾਈ ਨਹੀ ਕੀਤੀ ਜਿਸ ਕਰਕੇ ਅੱਜ ਪ੍ਰਦਰਸ਼ਨ ਲਈ ਮਜਬੂਰ ਹੋਣਾ ਪਿਆ। ਉੱਧਰ ਬਾਅਦ ਦੁਪਹਿਰ ਵਕੀਲਾਂ ਵਲੋਂ ਇਸ ਦਾਅਵੇ ਨਾਲ ਫਿਲਹਾਲ ਪ੍ਰਦਰਸ਼ਨ ਚੁੱਕ ਲਿਆ ਗਿਆ ਕਿ ਪੁਲਿਸ ਨੇ ਦੋ ਦਿਨਾਂ ਚ ਦੋਸ਼ੀਆਂ ਖਿਲਾਫ ਕਾਰਵਾਈ ਦਾ ਭਰੋਸਾ ਦਿੱਤਾ ਹੈ। ਵਕੀਲਾਂ ਨੇ ਕਿਹਾ ਕਿ ਇਨਸਾਫ਼ ਮਿਲਣ ਤੱਕ ਅਦਾਲਤੀ ਕੰਮਕਾਜ ਠੱਪ ਰੱਖਿਆ ਜਾਵੇਗਾ ਤੇ ਅਗਰ ਸੁਣਵਾਈ ਨਾ ਹੋਈ ਤਾਂ ਪਹਿਲਾਂ ਜ਼ਿਲ੍ਹਾ ਪੱਧਰ ਤੇ ਫਿਰ ਪੂਰੇ ਪੰਜਾਬ ਚ ਅਦਾਲਤੀ ਕੰਮਕਾਜ ਠੱਪ ਕਰਾਂਗੇ। ਦੂਜੇ ਪਾਸੇ ਸੰਪਰਕ ਕਰਨ ‘ਤੇ ਥਾਣਾ ਮੁਖੀ ਅਮਰੀਕ ਸਿੰਘ ਨੇ ਕਿਹਾ ਕਿ ਸਾਰੇ ਕਾਨੂੰਨੀ ਪੱਖਾਂ ਨੂੰ ਧਿਆਨ ‘ਚ ਰੱਖਕੇ ਅਗਲੀ ਕਰਵਾਈ ਅਮਲ ‘ਚ ਲਿਆਂਦੀ ਜਾਵੇਗੀ।
ਜ਼ਮੀਨੀ ਵਿਵਾਦ ਦੌਰਾਨ ਵਕੀਲ ਦੇ ਪਰਿਵਾਰ ਦੀ ਕੁੱਟਮਾਰ ਸਬੰਧੀ ਕਾਰਵਾਈ ਨਾ ਹੋਣ ਦੇ ਰੋਸ ’ਚ ਵਕੀਲਾਂ ਘੇਰਿਆ ਥਾਣਾ
ਅਜੀਤ ਡੈਸਕ
07-07-2026